ਲੰਡਨ, 15 ਜਨਵਰੀ 2023 – ਲੰਡਨ ਵਿਚ ਬੀਤੇ ਦਿਨ ਇਕ ਚਰਚ ਨੇੜੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਗੋਲੀਬਾਰੀ ‘ਚ ਇੱਕ ਮਾਸੂਮ ਬੱਚੀ ਸਮੇਤ ਕੁੱਲ 6 ਜਣੇ ਜ਼ਖਮੀ ਹੋਏ ਹਨ। ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਘਟਨਾ ਦੀ ਮੈਟਰੋਪੋਲੀਟਨ ਪੁਲਸ ਨੇ ਪੁਸ਼ਟੀ ਕਰਦਿਆਂ ਕਿਹਾ ਕਿ, “ਫੀਨਿਕਸ ਰੋਡ, NW1 ਵਿੱਚ ਦੁਪਹਿਰ ਤੋਂ ਪਹਿਲਾਂ ਹੋਈ ਗੋਲੀਬਾਰੀ ਵਿੱਚ ਛੇ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਵਿੱਚ ਇੱਕ ਸੱਤ ਸਾਲ ਦੀ ਬੱਚੀ ਵੀ ਹੈ, ਜੋ ਹਸਪਤਾਲ ਵਿੱਚ ਗੰਭੀਰ ਹਾਲਤ ਵਿੱਚ ਹੈ।”
ਸ਼ਨੀਵਾਰ ਨੂੰ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਚਰਚ ਦੇ ਬਾਹਰ ਗੋਲੀਬਾਰੀ ਉਸ ਸਮੇਂ ਹੋਈ ਜਦੋਂ ਉੱਥੇ ਇੱਕ ਅੰਤਿਮ ਸਸਕਾਰ ਹੋ ਰਿਹਾ ਸੀ। ਮੁਢਲੀ ਪੁਲਸ ਜਾਂਚ ਦੇ ਅਨੁਸਾਰ ਚਰਚ ਨੇੜੇ ਇੱਕ ਚੱਲਦੇ ਵਾਹਨ ਤੋਂ ਗੋਲੀਆਂ ਚਲਾਈਆਂ ਗਈਆਂ ਹਨ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਅਜੇ ਤੱਕ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਸੁਪਰਡੈਂਟ ਐਡ ਵੇਲਜ਼ ਨੇ ਭਰੋਸਾ ਦਿਵਾਇਆ ਹੈ ਕਿ ਪੁਲਸ ਜ਼ਿੰਮੇਵਾਰ ਲੋਕਾਂ ਦੀ ਪਛਾਣ ਕਰਨ ਅਤੇ ਪੀੜਤਾਂ ਨੂੰ ਨਿਆਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ।