- ਪਟਿਆਲਾ ਹੈਰੀਟੇਜ ਫੈਸਟੀਵਲ ਮੌਕੇ 58ਵੀਂ ਅਤੇ 59ਵੀਂ ਆਲ ਬ੍ਰੀਡ ਚੈਂਪੀਅਨਸ਼ਿਪ
- ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਆਈ ਜੀ ਛੀਨਾ ਤੇ ਡਿਪਟੀ ਕਮਿਸ਼ਨਰ ਵੀ ਦਰਸ਼ਕ ਬਣਕੇ ਪੁੱਜੇ
ਪਟਿਆਲਾ, 15 ਜਨਵਰੀ 2023: ਪਟਿਆਲਾ ਕੇਨਲ ਕਲੱਬ ਨੇ ਪਟਿਆਲਾ ਹੈਰੀਟੇਜ ਫੈਸਟੀਵਲ ਤਹਿਤ 58ਵੀਂ ਅਤੇ 59ਵੀਂ ਆਲ ਬ੍ਰੀਡ ਚੈਂਪੀਅਨਸ਼ਿਪ ਇਥੇ ਰਾਜਾ ਭਲਿੰਦਰ ਸਿੰਘ ਸਟੇਡੀਅਮ (ਪੋਲੋ ਗਰਾਊਂਡ) ਵਿਖੇ ਕਰਵਾਈ।ਇਸ ਮੌਕੇ ਵਿਸ਼ੇਸ਼ ਤੌਰ ਮੁੱਖ ਮੰਤਰੀ ਦਫ਼ਤਰ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ, ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਪਟਿਆਲਾ ਦੇ ਆਈ ਜੀ ਮੁਖਵਿੰਦਰ ਸਿੰਘ ਛੀਨਾ ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਦਰਸ਼ਕ ਵਜੋਂ ਪੁੱਜੇ।
ਇਸ ਡਾਗ ਸ਼ੋਅ ਵਿਚ ਕਾਲੇ ਰੰਗ ਦੇ ਤਿੰਨ ਗ੍ਰੇਟ ਡੇਨ ਨਸਲ ਦੇ ਡਾਗ ਇਥੇ ਲੰਬੇ ਸਮੇਂ ਬਾਅਦ ਪੁਜੇ ਜਦਕਿ ਇੰਗਲਿਸ਼ ਪੁਆਇੰਟਰ, ਕਿੰਗ ਕੈਵਲੀਅਰਜ਼, ਚਾਰਲਸ ਸਪੈਨੀਏਲ, ਜੈਕ ਰਸਲ ਟੈਰੀਅਰ, ਬਾਰਨੀਜ਼ ਮਾਉਂਟੇਨ ਡੌਗ, ਮਾਲਟੀਜ਼ ਨਸਲਾਂ ਨੇ ਪਹਿਲੀ ਵਾਰ ਪਟਿਆਲਾ ਸ਼ੋਅ ਵਿੱਚ ਹਿੱਸਾ ਲਿਆ।ਇਸ ਤੋਂ ਇਲਾਵਾ ਡੋਜ ਡੀਬੋਰਡੋ, ਕੇਨ ਕੋਰਸੋ, ਸ਼ਿਹ ਜ਼ੂ, ਸਮੋਏਡ ਤੇ ਸਾਇਬੇਰੀਅਨ ਹਸਕੀ ਸ਼ੋਅ ਦੇ ਮੁੱਖ ਖਿੱਚ ਦਾ ਕੇਂਦਰ ਸਨ।
ਇਸ ਮੌਕੇ ਮੁੱਖ ਮੰਤਰੀ ਦਫ਼ਤਰ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਕਿਹਾ ਕਿ ਪਟਿਆਲਾ ਕੇਨਲ ਕਲੱਬ ਰਿਆਸਤੀ ਸ਼ਹਿਰ ਪਟਿਆਲਾ ਦੀ ਪੁਰਾਣੀ ਰਵਾਇਤ ਨੂੰ ਜ਼ਿੰਦਾ ਰੱਖਣ ਲਈ ਕੁੱਤਿਆਂ ਨਾਲ ਪਿਆਰ ਕਰਨ ਲਈ ਯਤਨਸ਼ੀਲ ਹੈ ਅਤੇ ਇਹ ਕੇਨਲ ਕਲੱਬ ਪਿਛਲੇ 30 ਸਾਲਾਂ ਤੋਂ ਇਹ ਸ਼ੋਅ ਕਰਵਾ ਰਿਹਾ ਹੈ।
ਬਲਤੇਜ ਪੰਨੂ ਨੇ ਕਿਹਾ ਕਿ ਪਟਿਆਲਾ ਦੇ ਡਾਗ ਸ਼ੋਅ ਦੀ ਚਰਚਾ ਭਾਰਤ ਪੱਧਰ ‘ਤੇ ਹੀ ਨਹੀਂ ਬਲਕਿ ਵਿਦੇਸ਼ਾਂ ਵਿਚ ਵੀ ਹੈ।ਇਕ ਸਵਾਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ ਬਲਕਿ ਇਥੋਂ ਦੇ ਬਸ਼ਿੰਦਿਆਂ ਦਾ ਸ਼ਹਿਰ ਹੈ ਇਸ ਲਈ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪਟਿਆਲਾ ਸ਼ਹਿਰ ਦੇ ਚਹੁੰਤਰਫਾ ਵਿਕਾਸ ਲਈ ਵਚਨਬੱਧ ਹੈ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਪੰਜਾਬ ਦੇ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਲਈ ਹਰ ਪੱਖੋਂ ਯਤਨਸ਼ੀਲ ਹੈ।ਸ. ਕੋਹਲੀ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਪਟਿਆਲਾ ਵਿਖੇ ਲਗਾਤਾਰ ਲਗਦੇ ਰਹਿਣਗੇ।
ਜਦਕਿ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਡਾਗ ਸ਼ੋਅ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਪਟਿਆਲਾ ਵਿਰਾਸਤੀ ਸ਼ਹਿਰ ਹੈ ਅਤੇ ਇਥੇ ਅਜਿਹੇ ਵਿਰਾਸਤੀ ਮੇਲੇ ਲਗਾਤਾਰ ਕਰਵਾਏ ਜਾਂਦੇ ਰਹੇ ਹਨ ਅਤੇ ਉਸੇ ਵਿਰਾਸਤ ਨੂੰ ਅੱਗੇ ਤੋਰਦੇ ਹੋਏ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪਟਿਆਲਾ ਹੈਰੀਟੇਜ ਫੈਸਟੀਵਲ ਦੇ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਅਰਸੇ ਤੋਂ ਇਹ ਡਾਗ ਸ਼ੋਅ ਇਥੇ ਕਰਵਾਇਆ ਜਾ ਰਿਹਾ ਸੀ ਪਰ ਪਿਛਲੇ ਦੋ ਸਾਲ ਇਹ ਨਹੀਂ ਹੋ ਸਕਿਆ ਅਤੇ ਇਸ ਵਾਰ ਇਸਨੂੰ ਪਟਿਆਲਾ ਹੈਰੀਟੇਜ ਫੈਸਟੀਵਲ ਨਾਲ ਜੋੜਕੇ ਕਰਵਾਇਆ ਜਾ ਰਿਹਾ ਹੈ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਮਿਲਟਰੀ ਲਿਟਰੇਚਰ ਫੈਸਟੀਵਲ ਸਾਰੇ ਜ਼ਿਲ੍ਹਿਆਂ ਵਿਚ ਕਰਵਾਉਣ ਦੇ ਕੀਤੇ ਐਲਾਨ ਮੁਤਾਬਕ ਪਟਿਆਲਾ ਜ਼ਿਲ੍ਹਾ ਰਾਜ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ ਜੋ 27 ਤੋਂ 30 ਜਨਵਰੀ ਨੂੰ ਪਟਿਆਲਾ ਲਿਟਰੇਚਰ ਫੈਸਟੀਵਲ ਕਰਵਾ ਰਿਹਾ ਹੈ ਅਤੇ ਇਸ ਵਿਚ 28 ਤੇ 29 ਜਨਵਰੀ ਨੂੰ ਮਿਲਟਰੀ ਲਿਟਰੇਚਰ ਫੈਸਟੀਵਲ ਕਰਵਾਇਆ ਜਾ ਰਿਹਾ ਹੈ।
ਇਸ ਦੌਰਾਨ ਦਿੱਲੀ ਤੋਂ ਸ਼੍ਰੀ ਮੁਕੁਲ ਵੈਦ ਅਤੇ ਸ਼੍ਰੀ ਸ਼ਿਆਮ ਮਹਿਤਾ ਨੇ ਆਲ ਬ੍ਰੀਡ ਚੈਂਪੀਅਨਸ਼ਿਪ ਡੌਗ ਸ਼ੋਅ ਵਿਚ ਜੱਜ ਦੀ ਭੂਮਿਕਾ ਨਿਭਾਈ।ਸ਼ੋਅ ਵਿੱਚ 40 ਨਸਲਾਂ ਦੇ ਕੁੱਲ 230 ਕੁੱਤਿਆਂ ਨੇ ਭਾਗ ਲਿਆ ਤੇ ਜਰਮਨ ਸ਼ੈਫਰਡ ਡੌਗ-26, ਲੈਬਰਾਡੋਰ-20, ਰੋਟਵੀਲਰ-11, ਗੋਲਡਨ ਰਿਟਰੀਵਰ-20, ਬੀਗਲ -12 ਗਿਣਤੀ ‘ਚ ਡਾਗ ਪੁੱਜੇ ਜਦਕਿ ਜੰਮੂ, ਯੂਪੀ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ, ਪੱਛਮੀ ਬੰਗਾਲ, ਰਾਜਸਥਾਨ, ਝਾਰਖੰਡ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ ਦੂਰ-ਦੁਰਾਡੇ ਤੋਂ ਦਰਸ਼ਕਾਂ ਨੇ ਵੀ ਸ਼ੋਅ ਵਿੱਚ ਹਿੱਸਾ ਲਿਆ।
ਕੇਨਲ ਕਲੱਬ ਦੇ ਸਕੱਤਰ ਜਨਰਲ ਜੀ.ਪੀ. ਸਿੰਘ ਬਰਾੜ ਨੇ ਦੱਸਿਆ ਕਿ ਇਸ ਸ਼ੋਅ ਨੇ ਪਟਿਆਲਵੀਆਂ ਨੂੰ ਕੁੱਤਿਆਂ ਦੀਆਂ ਵਿਦੇਸ਼ੀ ਨਸਲਾਂ ਦੇਖਣ ਦਾ ਮੌਕਾ ਪ੍ਰਦਾਨ ਕੀਤਾ ਹੈ। ਇਸ ਮੌਕੇ ਸ਼ੋਅ ਦਾ ਇੱਕ ਯਾਦਗਾਰੀ ਸੋਵੀਨਰ ਵੀ ਰਿਲੀਜ਼ ਕੀਤਾ ਗਿਆ।ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਅਕਸ਼ਿਤਾ ਗੁਪਤਾ, ਐਸ ਡੀ ਐਮ ਡਾ. ਇਸਮਤ ਵਿਜੇ ਸਿੰਘ, ਐਸ ਡੀ ਐਮ ਕ੍ਰਿਪਾਲਵੀਰ ਸਿੰਘ, ਐਸਵੀਓ ਡਾ. ਆਰ.ਕੇ ਗੁਪਤਾ, ਡਾ. ਜੀਵਨ ਗੁਪਤਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ।
ਦਰਸ਼ਕ ਕੁਝ ਵਿਦੇਸ਼ੀ ਅਤੇ ਦੁਰਲੱਭ ਨਸਲਾਂ ਨੂੰ ਦੇਖ ਕੇ ਹੈਰਾਨ ਰਹਿ ਗਏ। ਬੱਚਿਆਂ ਨੇ ਕੁੱਤਿਆਂ ਦੀ ਦੁਨੀਆ ਦੀਆਂ ਸਭ ਤੋਂ ਛੋਟੀਆਂ ਅਤੇ ਸਭ ਤੋਂ ਵੱਡੀਆਂ ਨਸਲਾਂ ਨੂੰ ਦੇਖ ਕੇ ਆਨੰਦ ਲਿਆ। ਸ਼ੋਅ ਵਿੱਚ ਹਰ ਵਰਗ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।
ਜ਼ਿਕਰਯੋਗ ਹੈ ਕਿ 1926 ਵਿੱਚ ਪਹਿਲੀ ਉੱਤਰੀ ਭਾਰਤ ਕੇਨਲ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਭਾਰਤ ਦੇ ਕੇਨਲ ਕਲੱਬ ਵਿੱਚ ਬਦਲ ਦਿੱਤਾ ਗਿਆ ਸੀ। ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਅਤੇ ਜੀਂਦ ਦੇ ਮਹਾਰਾਜਾ ਹੀ ਭਾਰਤੀ ਉਪ-ਰਾਸ਼ਟਰਪਤੀ ਸਨ ਜਦਕਿ ਲਾਰਡ ਇਰਵਿਨ ਇਸ ਦੇ ਪ੍ਰਧਾਨ ਰਹੇ ਸਨ।