ਲੁਧਿਆਣਾ, 17 ਜਨਵਰੀ 2023 – ਲੁਧਿਆਣਾ ‘ਚ ਡਿਊਟੀ ਤੋਂ ਰਾਤ ਦੀ ਸ਼ਿਫਟ ਕਰਕੇ ਪਰਤ ਰਹੇ ਨੌਜਵਾਨ ਨੂੰ ਬਦਮਾਸ਼ਾਂ ਨੇ ਘੇਰ ਕੇ ਕੁੱਟਿਆ। ਉਸ ਦਾ ਕਤਲ ਕਰਕੇ ਬਦਮਾਸ਼ ਉਥੋਂ ਫਰਾਰ ਹੋ ਗਏ। ਹਮਲਾਵਰਾਂ ਨੇ ਉਸ ਦੇ ਸਿਰ ‘ਤੇ ਵਾਰ ਕੀਤਾ ਸੀ। ਮ੍ਰਿਤਕ ਦੀ ਪਛਾਣ ਵਿਕਾਸ ਕੁਮਾਰ ਵਜੋਂ ਹੋਈ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਿਕਾਸ ਦੀ ਹੱਤਿਆ ਕਿਉਂ ਕੀਤੀ ਗਈ।
ਜਦੋਂ ਦੇਰ ਰਾਤ ਤੱਕ ਵਿਕਾਸ ਸਟੀਲ ਫੈਕਟਰੀ ਤੋਂ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਤਲਾਸ਼ੀ ਲੈਣ ‘ਤੇ ਉਸ ਦੀ ਲਾਸ਼ ਖਾਲੀ ਪਲਾਟ ‘ਚੋਂ ਬਰਾਮਦ ਹੋਈ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਗੁੱਸੇ ਵਿੱਚ ਆਏ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਮ੍ਰਿਤਕ ਵਿਕਾਸ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਰਾਤ ਨੂੰ ਕੋਈ ਬਾਹਰ ਨਹੀਂ ਜਾ ਸਕਦਾ। ਗਸ਼ਤ ਦੀ ਘਾਟ ਕਾਰਨ ਰੋਜ਼ਾਨਾ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਲੋਕਾਂ ਦੇ ਭੜਕੇ ਜਾਣ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਤੁਸ਼ਾਰ ਗੁਪਤਾ ਮੌਕੇ ’ਤੇ ਪੁੱਜੇ ਅਤੇ ਕਾਰਵਾਈ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਡੀਐਸਪੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕੀਤੀ ਜਾ ਰਹੀ ਹੈ। ਮੌਕੇ ਤੱਕ ਮ੍ਰਿਤਕ ਨੌਜਵਾਨ ਕਿਥੋਂ ਗਿਆ ਸੀ ਅਤੇ ਕਿਸ ਨੂੰ ਮਿਲਿਆ ਸੀ, ਇਸ ਸਬੰਧੀ ਪੂਰੇ ਵੇਰਵੇ ਹਾਸਲ ਕੀਤੇ ਜਾ ਰਹੇ ਹਨ। ਜਲਦ ਹੀ ਕਤਲ ਦਾ ਭੇਤ ਸੁਲਝਾ ਲਿਆ ਜਾਵੇਗਾ।