ਹਿਸਾਰ, 18 ਜਨਵਰੀ 2023 – ਹਰਿਆਣਾ ਦੇ ਹਿਸਾਰ ਦੇ ਪਿੰਡ ਭਿਵਾਨੀ ਰੋਹਿਲਾ ਨੇੜੇ ਬਾਲਸਮੰਦ ਇਲਾਕੇ ਵਿੱਚ ਰਾਜਸਥਾਨ ਦੇ ਸੂਰਤਗੜ੍ਹ ਤੋਂ ਆ ਰਿਹਾ ਇੱਕ ਸਰ੍ਹੋਂ ਦੇ ਤੇਲ ਨਾਲ ਭਰਿਆ ਟਰੱਕ ਪਲਟ ਗਿਆ। ਜਦੋਂ ਟਰੱਕ ਪਲਟ ਗਿਆ ਤਾਂ ਉਸ ਵਿੱਚ ਪਿਆ ਸਰ੍ਹੋਂ ਦਾ ਤੇਲ ਸੜਕ, ਖੇਤਾਂ ਅਤੇ ਨਹਿਰ ਵਿੱਚ ਖਿੱਲਰ ਗਿਆ। ਤੇਲ ਦਾ ਟਰੱਕ ਦੇ ਪਲਟਣ ਦੀ ਸੂਚਨਾ ਮਿਲਦਿਆਂ ਹੀ ਲੋਕ ਡੱਬਿਆਂ ਅਤੇ ਬਾਲਟੀਆਂ ਵਿੱਚ ਤੇਲ ਭਰ ਕੇ ਲੈ ਗਏ। ਘਟਨਾ ‘ਚ ਡਰਾਈਵਰ ਸੁਰੱਖਿਅਤ ਹੈ। ਇਹ ਤੇਲ ਹਿਸਾਰ ਨਵ ਭਾਰਤ ਕੰਪਨੀ ਵਿੱਚ ਆ ਰਿਹਾ ਸੀ।
ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਜਦੋਂ ਤੇਲ ਨਾਲ ਭਰਿਆ ਟਰੱਕ ਛੋਟੀ ਨਹਿਰ ਨੂੰ ਪਾਰ ਕਰਨ ਲੱਗਾ ਤਾਂ ਜ਼ਿਆਦਾ ਭਾਰ ਹੋਣ ਕਾਰਨ ਚੜ੍ਹ ਨਾ ਸਕਿਆ ਅਤੇ ਇੱਕ ਪਾਸੇ ਨੂੰ ਝੁਕ ਕੇ ਪਲਟ ਗਿਆ। ਜਿਵੇਂ ਹੀ ਟਰੱਕ ਪਲਟਿਆ ਤਾਂ ਉਸ ਵਿੱਚ ਭਰਿਆ ਤੇਲ ਨਿਕਲਣਾ ਸ਼ੁਰੂ ਹੋ ਗਿਆ। ਬਾਲਸਮੰਦ ਦੇ ਵਾਟਰ ਵਰਕਸ ਵਿੱਚ ਛੋਟੀ ਨਹਿਰ ਤੋਂ ਪਾਣੀ ਆ ਰਿਹਾ ਸੀ। ਪਾਣੀ ਵਿਚ ਤੇਲ ਰਿਸਣ ਲੱਗਾ। ਟਰੱਕ ਵਿੱਚ ਕਰੀਬ 30 ਟਨ ਤੇਲ ਸੀ।
ਟਰੱਕ ਪਲਟਣ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਦੇ ਲੋਕ ਬਾਲਟੀਆਂ ਅਤੇ ਹੋਰ ਭਾਂਡਿਆਂ ਵਿੱਚ ਡਿੱਗਿਆ ਤੇਲ ਇਕੱਠਾ ਕਰਨ ਲਈ ਦੌੜ ਗਏ। ਜਿਸ ਕਾਰਨ ਲੋਕ ਸੜਕ ‘ਤੇ ਇਕੱਠੇ ਹੋ ਗਏ। ਟਰੱਕ ਵਿੱਚ ਥੋੜ੍ਹਾ ਜਿਹਾ ਤੇਲ ਬਚਿਆ ਸੀ।