ਮਮਦੋਟ (ਫ਼ਿਰੋਜ਼ਪੁਰ), 19 ਜਨਵਰੀ 2023 – ਪਿੰਡ ਪੋਜੋਕੇ ਵਿਖੇ ਬੁੱਧਵਾਰ ਨੂੰ ਪਲਾਸਟਿਕ ਦੀ ਡੋਰ ਦੀ ਲਪੇਟ ‘ਚ ਆਉਣ ਨਾਲ 15 ਸਾਲਾ ਲੜਕਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮਮਦੋਟ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿਸ ਦੀ ਅੱਖ ਨੇੜੇ 14 ਟਾਂਕੇ ਲੱਗੇ ਹਨ।
ਪੀੜਤ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਛੱਤ ‘ਤੇ ਧੁੱਪ ਸੇਕ ਰਿਹਾ ਸੀ ਕਿ ਅਚਾਨਕ ਉਸ ਦੇ ਗਲੇ ‘ਚ ਪਲਾਸਟਿਕ ਦੀ ਡੋਰੀ ਫਸ ਗਈ, ਜੋ ਸੁਨੀਲ ਦੀ ਅੱਖ ਦੇ ਚੇਹਰੇ ਨੂੰ ਚੀਰਦੀ ਹੋਈ ਨਿੱਕਲ ਗਈ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਮਮਦੋਟ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸੁਨੀਲ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਦੀ ਅੱਖ ‘ਤੇ 14 ਟਾਂਕੇ ਲੱਗੇ ਹਨ। ਪੀੜਤ ਦੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪਾਬੰਦੀ ਲਗਾਉਣ ਦੇ ਬਾਵਜੂਦ ਇਹ ਡੋਰ ਵੇਚੀ ਜਾ ਰਹੀ ਹੈ।
ਦੂਜੇ ਪਾਸੇ ਥਾਣਾ ਮਮਦੋਟ ਦੇ ਏਐਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲੀਸ ਪਾਰਟੀ ਮੰਗਲਵਾਰ ਨੂੰ ਗਸ਼ਤ ਦੌਰਾਨ ਸ਼ੇਰਾ ਵਾਲਾ ਚੌਕ ਨੇੜੇ ਪੁੱਜੀ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਮੁਲਜ਼ਮ ਅਜੈ ਵਾਸੀ ਨਾਨਕ ਨਗਰੀ ਜੀਰਾ ਆਪਣੀ ਦੁਕਾਨ ’ਤੇ ਪਲਾਸਟਿਕ ਦੇ ਡੋਰ ਵੇਚਦਾ ਹੈ। ਪੁਲੀਸ ਨੇ ਛਾਪਾ ਮਾਰ ਕੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 8 ਗੱਟੂ ਡੋਰ ਬਰਾਮਦ ਕੀਤੀ ਹੈ।