- ਪੰਜਾਬ ਸਰਕਾਰ ਵੱਲ੍ਹੋਂ ਖੇਡਾਂ ਦੀ ਪ੍ਰਫੱਲਤਾਂ ਲਈ ਵੀ ਹੋਵੇਗੀ ਵਿਸ਼ੇਸ਼ ਵਿਉਂਤਬੰਦੀ-ਬਲਜੀਤ ਕੌਰ
ਮਾਨਸਾ 19 ਜਨਵਰੀ 2023: ਸਮਾਜਿਕ ਨਿਆਂਂ ਅਧਿਕਾਰਤਾ, ਘੱਟ ਗਿਣਤੀ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਬੱਚਤ ਭਵਨ ਮਾਨਸਾ ਵਿਖੇ ਸਕੂਲ ਸਿੱਖਿਆ ਵਿਭਾਗ ਐਲੀਮੈਂਟਰੀ ਸਿੱਖਿਆ ਜ਼ਿਲ੍ਹਾ ਮਾਨਸਾ ਦਾ ਖੇਡ ਕੈਲੰਡਰ “ਮਾਨਸਾ ਖੇਡੋ,ਮਾਨਸਾ ਵਧੋ”,ਪੰਜਾਬ ਖੇਡੋ,ਪੰਜਾਬ ਵਧੋ” ਰਿਲੀਜ਼ ਕਰਦਿਆਂ ਅਧਿਆਪਕਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਪ੍ਰਾਇਮਰੀ ਪੱਧਰ ਤੋਂ ਹੀ ਖੇਡਾਂ ਨੂੰ ਮਜਬੂਤੀ ਪ੍ਰਦਾਨ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲ੍ਹੋਂ ਸਿੱਖਿਆ, ਸਿਹਤ ਦੇ ਨਾਲ ਨਾਲ ਖੇਡਾਂ ਚ ਵੀ ਵਿਸ਼ੇਸ਼ ਯੋਜਨਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਨੂੰ ਤੰਦਰੁਸਤ ਬਣਾਇਆ ਜਾਵੇ ਅਤੇ ਸਿੱਖਿਆ ਦੇ ਖੇਤਰ ਚ ਮੋਹਰੀ ਬਣਾਇਆ ਜਾਵੇ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਡਾ ਵਿਜੈ ਸਿੰਗਲਾ ਵਿਧਾਇਕ ਹਲਕਾ ਮਾਨਸਾ,ਪ੍ਰਿੰਸੀਪਲ ਬੁੱਧ ਰਾਮ ਵਿਧਾਇਕ ਹਲਕਾ ਬੁਢਲਾਡਾ, ਗੁਰਪ੍ਰੀਤ ਬਣਾਂਵਾਲੀ ਵਿਧਾਇਕ ਹਲਕਾ ਸਰਦੂਲਗੜ੍ਹ,ਚਰਨਜੀਤ ਸਿੰਘ ਅੱਕਾਂਵਾਲੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ,ਸ੍ਰੀਮਤੀ ਬਲਦੀਪ ਕੌਰ ਡਿਪਟੀ ਕਮਿਸ਼ਨਰ, ਡਾ ਨਾਨਕ ਸਿੰਘ ਐੱਸ ਐੱਸ ਪੀ,ਡਾ ਸੰਦੀਪ ਘੰਡ ਜ਼ਿਲ੍ਹਾ ਯੂਥ ਅਫਸਰ ਨਹਿਰੂ ਯੁਵਾ ਕੇਂਦਰ ਮਾਨਸਾ,ਸ੍ਰੀਮਤੀ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਨੇ ਵੀ ਮਾਨਸਾ ਚ ਪ੍ਰਾਇਮਰੀ ਪੱਧਰ ‘ਤੇ ਹੋ ਰਹੇ ਖੇਡ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਇਸ ਗੱਲ ‘ਤੇ ਮਾਣ ਮਹਿਸੂਸ ਕੀਤਾ ਕਿ ਇਸ ਵਾਰ ਪ੍ਰਾਇਮਰੀ ਖੇਡਾਂ ਚ ਮਾਨਸਾ ਦੇ 54 ਮੈਡਲ ਆਏ ਹਨ ਅਤੇ ਮਾਨਸਾ ਵਿਖੇ ਪੰਜਾਬ ਪੈਟਰਨ ‘ਤੇ ਹੋਈਆਂ ਪ੍ਰਾਇਮਰੀ ਖੇਡਾਂ ਨੇ ਅਧਿਆਪਕਾਂ, ਵਿਦਿਆਰਥੀਆਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਕੀਤਾ।
ਡੀਈਓ ਭੁਪਿੰਦਰ ਕੌਰ ਅਤੇ ਜ਼ਿਲ੍ਹਾ ਖੇਡ ਇੰਚਾਰਜ਼ ਹਰਦੀਪ ਸਿੱਧੂ ਨੇ ਦੱਸਿਆ ਕਿ ਨਵੇਂ ਸ਼ੈਸਨ ਤੋਂ ਮਾਨਸਾ ਜ਼ਿਲ੍ਹੇ ਚ ਪ੍ਰਾਇਮਰੀ ਪੱਧਰ ‘ਤੇ ਖੇਡਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਕੂਲ ਸਕੂਲ ਖੇਡ ਗਰਾਊਂਡ ਬਣਾਉਣ ਦੀ ਯੋਜਨਾ ਹੈ,ਪਹਿਲੇ ਵਰ੍ਹੇ ਦੌਰਾਨ ਜ਼ਿਲ੍ਹੇ ਅੰਦਰ 100 ਸਕੂਲਾਂ ਚ ਵੱਖ ਵੱਖ ਤਰ੍ਹਾਂ ਖੇਡ ਮੈਦਾਨ ਤਿਆਰ ਕਰਨ ਦਾ ਟੀਚਾ ਹੈ।