ਚੰਡੀਗੜ੍ਹ, 21 ਜਨਵਰੀ 2023 – ਮੋਹਾਲੀ ਤੋਂ ਚਿੱਟੇ ਰੰਗ ਦੀ ਸਵਿਫਟ ਕਾਰ ਚੋਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਚੰਡੀਗੜ੍ਹ ਪੁਲਿਸ ਦੇ ਹੌਲਦਾਰ ਸਣੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕਾਂਸਟੇਬਲ ਕੁਲਦੀਪ, ਅਮਿਤ ਕੁਮਾਰ ਵਾਸੀ ਪਡਾਚ, ਮੁਹਾਲੀ, ਨਾਜ਼ਰ ਹੁਸੈਨ ਵਾਸੀ ਸੇਹਤਪੁਰ, ਫਰੀਦਾਬਾਦ ਅਤੇ ਪ੍ਰਕਾਸ਼ ਉਰਫ਼ ਪਿੰਟੂ ਵਾਸੀ ਜਗਜੀਵਨ ਰਾਮ ਕਲੋਨੀ, ਪਾਣੀਪਤ ਵਜੋਂ ਹੋਈ ਹੈ। ਸ਼ੁੱਕਰਵਾਰ ਨੂੰ ਜ਼ਿਲਾ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।
ਇਸ ਮਾਮਲੇ ਵਿੱਚ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਪਹਿਲਾਂ ਅਮਿਤ ਕੁਮਾਰ ਨੂੰ ਚੋਰੀ ਦੀ ਕਾਰ ਸਮੇਤ ਕਾਬੂ ਕੀਤਾ ਸੀ। ਪੁਲਸ ਰਿਮਾਂਡ ‘ਚ ਅਮਿਤ ਨੇ ਪੁੱਛਗਿੱਛ ਦੌਰਾਨ ਸਾਰੇ ਦੋਸ਼ੀਆਂ ਦੀ ਪਛਾਣ ਅਤੇ ਭੂਮਿਕਾ ਦਾ ਖੁਲਾਸਾ ਕੀਤਾ ਹੈ। 10 ਜਨਵਰੀ 2023 ਨੂੰ ਇੰਸਪੈਕਟਰ ਰਾਜੀਵ ਕੁਮਾਰ ਦੀ ਦੇਖ-ਰੇਖ ‘ਚ ਹੈੱਡ ਕਾਂਸਟੇਬਲ ਪ੍ਰਵੀਨ ਕੁਮਾਰ ਪੁਲਸ ਟੀਮ ਨਾਲ ਸੈਕਟਰ-11 ਇਲਾਕੇ ‘ਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਪੁਲੀਸ ਨੇ ਮਿਲੀ ਸੂਚਨਾ ਦੇ ਆਧਾਰ ’ਤੇ ਸੈਕਟਰ-11/15 ਦੇ ਅੰਡਰਬ੍ਰਿਜ ਨੇੜਿਓਂ ਉੱਤਰਾਖੰਡ ਨੰਬਰ (ਯੂ.ਕੇ.01ਏ.ਪੀ.5176) ਦੀ ਕਾਰ ਸਵਾਰ ਅਮਿਤ ਕੁਮਾਰ ਨੂੰ ਕਾਬੂ ਕੀਤਾ।
ਜਾਂਚ ਦੌਰਾਨ ਪਤਾ ਲੱਗਾ ਕਿ ਚੋਰੀ ਦੀ ਕਾਰ ‘ਤੇ ਜਾਅਲੀ ਨੰਬਰ ਪਲੇਟ ਲੱਗੀ ਹੋਈ ਸੀ। ਪੰਜਾਬ ਨੰਬਰ ਦੀ ਕਾਰ ਖਰੜ ਦੇ ਸਚਿਨ ਛਾਬੜਾ ਦੇ ਨਾਂ ’ਤੇ ਦਰਜ ਹੈ, ਜਦੋਂਕਿ ਸੈਕਟਰ-45 ’ਚੋਂ ਚੋਰੀ ਦਾ ਮਾਮਲਾ ਇਸ ਕਾਰ ਦੀ ਸ਼ਿਕਾਇਤ ’ਤੇ ਸੈਕਟਰ-34 ਥਾਣੇ ਵਿੱਚ ਦਰਜ ਹੈ। ਇਸ ਤੋਂ ਬਾਅਦ ਪੁਲਿਸ ਨੇ ਅਮਿਤ ਨੂੰ ਗ੍ਰਿਫ਼ਤਾਰ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਪੁਲੀਸ ਅਨੁਸਾਰ ਕਾਂਸਟੇਬਲ ਕੁਲਦੀਪ ਨੇ ਆਪਣੇ ਦੋਸਤ ਅਮਿਤ ਨਾਲ ਮਿਲ ਕੇ ਸੈਕਟਰ-45 ਤੋਂ ਸਫੇਦ ਰੰਗ ਦੀ ਸਵਿਫਟ ਕਾਰ ਚੋਰੀ ਕੀਤੀ ਸੀ। ਇਸ ਤੋਂ ਬਾਅਦ ਦੋ ਮਹੀਨਿਆਂ ਤੋਂ ਨੰਬਰ ਪਲੇਟ ਬਦਲ ਕੇ ਅਮਿਤ ਅਤੇ ਕੁਲਦੀਪ ਵਾਰੀ-ਵਾਰੀ ਕਾਰ ਚਲਾ ਰਹੇ ਸਨ। ਕਾਂਸਟੇਬਲ ਕੁਲਦੀਪ ਸੁਰੱਖਿਆ ਸ਼ਾਖਾ ਵਿੱਚ ਤਾਇਨਾਤ ਸੀ। ਜਦਕਿ ਦੋਸ਼ੀ ਅਮਿਤ ਕਾਰ ਚਲਾ ਰਿਹਾ ਫੜਿਆ ਗਿਆ। ਜਦੋਂ ਕਿ ਨਾਜ਼ਰ ਹੁਸੈਨ ਅਤੇ ਪ੍ਰਕਾਸ਼ ਨੇ ਚੋਰੀ ਕੀਤੀ ਕਾਰ ਵਿੱਚ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਪਲੇਟਾਂ ਲਗਾਉਣ ਦੀ ਭੂਮਿਕਾ ਨਿਭਾਈ ਹੈ। ਪੁਲੀਸ ਇਸ ਨੂੰ ਹੋਰ ਵਾਹਨ ਚੋਰੀ ਦੇ ਮਾਮਲੇ ਨਾਲ ਜੋੜ ਕੇ ਸਾਰਿਆਂ ਦੀ ਭੂਮਿਕਾ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ।