ਨਵੀਂ ਦਿੱਲੀ, 22 ਜਨਵਰੀ 2023 – ਅਮਰੀਕਾ ਦੇ ਕੈਲੀਫੋਰਨੀਆ ‘ਚ ਸ਼ਨੀਵਾਰ ਦੇਰ ਰਾਤ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ‘ਚ ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ। ਖਬਰਾਂ ਮੁਤਾਬਕ ਚੀਨੀ ਨਵੇਂ ਸਾਲ ਦੇ ਜਸ਼ਨ ਦੌਰਾਨ ਮੋਂਟੇਰੀ ਪਾਰਕ ਇਲਾਕੇ ‘ਚ ਤੜਕੇ 3.30 ਵਜੇ ਗੋਲੀਬਾਰੀ ਹੋਈ। ਕੁਝ ਰਿਪੋਰਟਾਂ ਦਾ ਕਹਿਣਾ ਹੈ ਕਿ 9 ਲੋਕਾਂ ਦੀ ਮੌਤ ਹੋ ਗਈ ਹੈ ਅਤੇ 19 ਜ਼ਖਮੀ ਹੋਏ ਹਨ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਕੁਝ ਸੋਸ਼ਲ ਮੀਡੀਆ ਅਕਾਊਂਟਸ ‘ਤੇ ਦੱਸਿਆ ਗਿਆ ਹੈ ਕਿ ਇਹ ਮਾਮਲਾ ਰੰਗਭੇਦ ਨਾਲ ਜੁੜਿਆ ਹੋਇਆ ਹੈ। ਸਥਾਨਕ ਲੋਕਾਂ ਅਤੇ ਏਸ਼ੀਆਈ ਭਾਈਚਾਰੇ ਵਿਚਕਾਰ ਹਿੰਸਾ ਭੜਕ ਗਈ। ਇਸ ਵਿੱਚ ਚੀਨੀ ਮੂਲ ਦਾ 17 ਸਾਲਾ ਨੌਜਵਾਨ ਵੀ ਮਾਰਿਆ ਗਿਆ ਹੈ। ਪੁਲਿਸ ਇਸ ਸਬੰਧ ਵਿਚ ਕੁਝ ਸਮੇਂ ਵਿਚ ਬਿਆਨ ਜਾਰੀ ਕਰ ਸਕਦੀ ਹੈ। ਮੋਂਟੇਰੀ ਪਾਰਕ ਦੀ ਆਬਾਦੀ ਲਗਭਗ 60,000 ਹੈ। ਇਨ੍ਹਾਂ ਵਿੱਚੋਂ 65% ਏਸ਼ੀਆਈ ਅਮਰੀਕੀ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਚੀਨੀ ਮੂਲ ਦੇ ਹਨ।
‘ਸਕਾਈ ਨਿਊਜ਼’ ਨੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਖਬਰ ਦਿੱਤੀ ਹੈ ਕਿ ਘਟਨਾ ਦੇ ਸਮੇਂ ਬਹੁਤ ਉੱਚੀ ਆਵਾਜ਼ ‘ਚ ਸੰਗੀਤ ਚੱਲ ਰਿਹਾ ਸੀ, ਇਸ ਲਈ ਲੰਬੇ ਸਮੇਂ ਤੱਕ ਇਹ ਸਮਝ ਨਹੀਂ ਆ ਰਿਹਾ ਸੀ ਕਿ ਆਤਿਸ਼ਬਾਜ਼ੀ ਹੋ ਰਹੀ ਹੈ ਜਾਂ ਫਾਇਰਿੰਗ। ਕੁਝ ਦੇਰ ਬਾਅਦ ਜ਼ਖਮੀ ਲੋਕਾਂ ਨੂੰ ਭੱਜਦੇ ਦੇਖਿਆ ਗਿਆ ਤਾਂ ਹੀ ਸੱਚਾਈ ਦਾ ਪਤਾ ਲੱਗਾ।
ਪੁਲਿਸ ਮੁਤਾਬਕ ਘਟਨਾ ਦੇ ਸਮੇਂ ਕਈ ਹਜ਼ਾਰ ਲੋਕ ਮੌਜੂਦ ਸਨ। ਇਸ ਲਈ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇੱਥੇ ਦੋ ਦਿਨਾਂ ਮੇਲਾ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਵੀ ਇਸ ਇਲਾਕੇ ਵਿੱਚ ਸਥਾਨਕ ਗੋਰੇ ਸਮਾਜ ਅਤੇ ਏਸ਼ੀਅਨ ਭਾਈਚਾਰੇ ਦਰਮਿਆਨ ਹਿੰਸਾ ਹੋ ਚੁੱਕੀ ਹੈ। ਪਿਛਲੇ ਸਾਲ ਵੀ ਅਜਿਹੀ ਹੀ ਇੱਕ ਘਟਨਾ ਵਿੱਚ 5 ਲੋਕਾਂ ਦੀ ਮੌਤ ਹੋ ਗਈ ਸੀ।