ਲੁਧਿਆਣਾ, 25 ਜਨਵਰੀ 2023 – ਲੁਧਿਆਣਾ ‘ਚ 28 ਨਵੰਬਰ 2021 ਨੂੰ ਗੁਆਂਢੀ ਦੀ ਢਾਈ ਸਾਲਾ ਧੀ ਦਿਲਰੋਜ ਦਾ ਕਤਲ ਕਰਨ ਵਾਲੀ ਔਰਤ ਦੇ ਪਤੀ ਨੂੰ ਪੁਲਸ ਨੇ ਚੋਰੀ ਦੇ ਇਕ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਪਤੀ-ਪਤਨੀ ਅਪਰਾਧਿਕ ਰਿਕਾਰਡ ਵਾਲੇ ਹਨ।
ਐਸਐਚਓ ਸੰਜੀਵ ਕਪੂਰ ਨੇ ਦੱਸਿਆ ਕਿ ਮੁਲਜ਼ਮ ਅਰੁਣ ਕੁਮਾਰ ਨਸ਼ੇ ਦਾ ਆਦੀ ਹੈ। ਮੁਲਜ਼ਮ ਬਾਜ਼ਾਰਾਂ ਵਿੱਚੋਂ ਸਾਮਾਨ ਚੋਰੀ ਕਰਕੇ ਅੱਗੇ ਵੇਚ ਦਿੰਦੇ ਸਨ। ਚੋਰੀ ਦਾ ਸਮਾਨ ਵੇਚ ਕੇ ਮਿਲੇ ਪੈਸਿਆਂ ਨਾਲ ਉਹ ਨਸ਼ਾ ਖਰੀਦਦਾ ਸੀ। ਮੁਲਜ਼ਮਾਂ ਦੇ ਕਬਜ਼ੇ ’ਚੋਂ ਚੋਰੀਸ਼ੁਦਾ ਬਜਾਜ ਸਿਟੀ-100 ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਜਿਸ ‘ਤੇ ਉਹ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਇਸ ਤੋਂ ਇਲਾਵਾ ਔਰਤਾਂ ਦੇ 16 ਸੂਟ ਬਰਾਮਦ ਕੀਤੇ ਗਏ ਹਨ। ਮੁਲਜ਼ਮ ਪਿੰਡ ਡੇਹਲੋਂ ਬੈਕ ਸਾਈਡ ਇੱਕ ਮੰਦਰ ਕੋਲ ਰਹਿੰਦਾ ਹੈ। ਉਸ ‘ਤੇ ਵੱਖ-ਵੱਖ ਥਾਣਿਆਂ ‘ਚ 5 ਅਪਰਾਧਿਕ ਮਾਮਲੇ ਦਰਜ ਹਨ। ਜਿਸ ਵਿੱਚ ਦੋ ਚੋਰੀ, ਦੋ ਨਸ਼ਾ ਤਸਕਰੀ ਅਤੇ ਇੱਕ ਸਨੈਚਿੰਗ ਦਾ ਮਾਮਲਾ ਦਰਜ ਹੈ।
ਮੁਲਜ਼ਮ ਦੋ ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ। ਮੁਲਜ਼ਮਾਂ ਨੇ ਪਿਛਲੇ ਸ਼ੁੱਕਰਵਾਰ ਨੂੰ ਇੱਕ ਪਾਰਸਲ ਚੋਣ ਵਰਕਰ ਦੇ ਰਿਕਸ਼ੇ ਵਿੱਚੋਂ ਲੇਡੀਜ਼ ਸੂਟ ਵਾਲੇ ਦੋ ਪਾਰਸਲ ਚੋਰੀ ਕਰ ਲਏ ਸਨ। ਉਕਤ ਮਾਮਲਾ ਵੀ ਟਰੇਸ ਕਰ ਲਿਆ ਗਿਆ ਹੈ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
ਦੁਕਾਨਾਂ ‘ਚੋਂ ਸੂਟ ਚੋਰੀ ਕਰਨ ਵਾਲੇ ਮੁਲਜ਼ਮ ਦੀ ਪਤਨੀ ਨੀਲਮ ਨੇ ਗੁਆਂਢੀ ਦੀ ਢਾਈ ਸਾਲਾ ਧੀ ਦਿਲਰੋਜ ਦੇ ਕਤਲ ਮਾਮਲੇ ‘ਚ ਆਪਣਾ ਜੁਰਮ ਕਬੂਲ ਕਰ ਲਿਆ ਸੀ। ਉਸ ਨੇ ਦੱਸਿਆ ਕਿ ਉਸ ਦਾ ਗੁਆਂਢੀ ਪੁਲੀਸ ਮੁਲਾਜ਼ਮ ਹੈ ਅਤੇ ਉਹ ਹਰ ਰੋਜ਼ ਉਸ ਦੇ ਬੱਚਿਆਂ ਨਾਲ ਧੱਕੇਸ਼ਾਹੀ ਕਰਦਾ ਸੀ। ਇਸ ਦਾ ਬਦਲਾ ਲੈਣ ਲਈ ਉਸ ਨੇ ਪੁਲਸ ਮੁਲਾਜ਼ਮ ਦੀ ਢਾਈ ਸਾਲ ਦੀ ਬੇਟੀ ਨੂੰ ਅਗਵਾ ਕਰ ਲਿਆ ਅਤੇ ਫਿਰ ਉਸ ਨੂੰ ਟੋਏ ‘ਚ ਜ਼ਿੰਦਾ ਦੱਬ ਦਿੱਤਾ। ਬੱਚੇ ‘ਤੇ ਮਿੱਟੀ ਪਾ ਕੇ ਉਹ ਉਥੋਂ ਘਰ ਆ ਗਈ।