ਜਲੰਧਰ, 25 ਜਨਵਰੀ 2023 – ਜਲੰਧਰ ਸ਼ਹਿਰ ‘ਚ ਬੀਤੇ ਦਿਨ ਦੇਰ ਸ਼ਾਮ ਲੁਟੇਰੇ ਨੇ ਇੱਕ ਪ੍ਰਵਾਸੀ ਭਾਰਤੀ ਨੂੰ ਆਪਣਾ ਨਿਸ਼ਾਨਾ ਬਣਾ ਲਿਆ। ਲੁਟੇਰਾ ਐਨ ਆਰ ਆਈ ਤੋਂ ਇੱਕ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਿਆ।
ਥਾਣਾ 6 ਅਧੀਨ ਪੈਂਦੇ ਲਾਜਪਤ ਨਗਰ ਵਿੱਚ ਇੱਕ ਆਟੋ ਚਾਲਕ ਬਜ਼ੁਰਗ ਐਨ ਆਰ ਆਈ ਕੋਲੋਂ ਇੱਕ ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ। ਬਲਵੰਤ ਰਾਏ ਕੈਂਥ ਨੇ ਦੱਸਿਆ ਕਿ ਉਹ ਸ਼ਾਮ ਨੂੰ ਬੈਂਕ ਵਿੱਚ ਪੈਸੇ ਜਮ੍ਹਾਂ ਕਰਵਾਉਣ ਲਈ ਗਿਆ ਸੀ ਪਰ ਜਦੋਂ ਉਸ ਨੇ ਬੈਂਕ ਬੰਦ ਪਾਇਆ ਤਾਂ ਵਾਪਸ ਆਉਣਾ ਪਿਆ। ਪੀੜਤ ਨੇ ਦੱਸਿਆ ਕਿ ਜਦੋਂ ਉਹ ਲਾਜਪਤ ਨਗਰ ਫਾਟਕ ਨੇੜੇ ਪਹੁੰਚਿਆ ਤਾਂ ਪਿੱਛੇ ਤੋਂ ਇਕ ਆਟੋ ਚਾਲਕ ਨੇ ਆ ਕੇ ਕਿਹਾ ਕਿ ਮੇਰਾ ਆਟੋ ਖਰਾਬ ਹੈ, ਮੇਰੀ ਮਦਦ ਕਰੋ।
ਜਦੋਂ ਐਨਆਰਆਈ ਬਲਵੰਤ ਰਾਏ ਆਟੋ ਚਾਲਕ ਦੀ ਮਦਦ ਕਰਨ ਲੱਗਾ ਤਾਂ ਉਸੇ ਸਮੇਂ ਲੁਟੇਰਾ ਆਟੋ ਚਾਲਕ ਪੈਸੇ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਮੌਕੇ ‘ਤੇ ਬਜ਼ੁਰਗ ਐਨਆਰਆਈ ਨੇ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ ਪਰ ਉਦੋਂ ਤੱਕ ਆਟੋ ਚਾਲਕ ਫਰਾਰ ਹੋ ਚੁੱਕਾ ਸੀ। ਪਰਵਾਸੀ ਭਾਰਤੀ ਨੇ ਤੁਰੰਤ ਥਾਣਾ ਡਵੀਜ਼ਨ ਨੰਬਰ 6 ਵਿੱਚ ਇਸ ਘਟਨਾ ਸਬੰਧੀ ਸ਼ਿਕਾਇਤ ਦਰਜ ਕਰਵਾਈ ਹੈ।
ਐਨਆਰਆਈ ਬਲਵੰਤ ਰਾਏ ਕੈਂਥ ਨੇ ਪੁਲੀਸ ਦੀ ਕਾਰਵਾਈ ’ਤੇ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸ਼ਿਕਾਇਤ ’ਤੇ ਪੁਲੀਸ ਆਈ ਪਰ ਬਿਨਾਂ ਕੋਈ ਕਾਰਵਾਈ ਕੀਤੇ ਛੱਡ ਗਈ। ਪੁਲਿਸ ਨੇ ਉਸਦਾ ਨਾਮ ਅਤੇ ਪਤਾ ਨੋਟ ਕੀਤਾ ਅਤੇ ਚਲੀ ਗਈ। ਪੁਲੀਸ ਮੁਲਾਜ਼ਮਾਂ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਦੀ ਤਲਾਸ਼ੀ ਲੈਣੀ ਵੀ ਜ਼ਰੂਰੀ ਨਹੀਂ ਸਮਝੀ। ਐਨ ਆਰ ਆਈ ਨੇ ਕਿਹਾ ਕਿ ਜੇਕਰ ਇਹੀ ਘਟਨਾ ਕੈਨੇਡਾ ਵਿੱਚ ਵਾਪਰੀ ਹੁੰਦੀ ਤਾਂ ਪੁਲੀਸ ਨੇ ਕੁਝ ਹੀ ਮਿੰਟਾਂ ਵਿੱਚ ਇਸ ਨੂੰ ਹੱਲ ਕਰ ਲਿਆ ਹੁੰਦਾ।