ਨਵੀਂ ਦਿੱਲੀ, 26 ਜਨਵਰੀ 2023 – ਅਮਰੀਕਾ ‘ਚ ਪੁਲਿਸ ਦੇ ਗਸ਼ਤੀ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਇੱਕ ਭਾਰਤੀ ਮੂਲ ਦੀ ਮੁਟਿਆਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਕੁੜੀ ਦੀ ਪਛਾਣ ਜਾਹਨਵੀ ਕੰਦੂਲਾ ਵਜੋਂ ਹੋਈ। ਜਾਹਨਵੀ ਕੰਦੂਲਾ ਆਂਧਰਾ ਪ੍ਰਦੇਸ਼ ਦੇ ਕੁਰਨੂਲ ਜ਼ਿਲ੍ਹੇ ਦੀ ਰਹਿਣ ਵਾਲੀ ਸੀ।
ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਸਾਊਥ ਲੇਕ ਯੂਨੀਅਨ ਵਿੱਚ ਸੀਏਟਲ ਪੁਲਸ ਦੇ ਗਸ਼ਤੀ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਜਾਹਨਵੀ ਕੰਦੂਲਾ ਗੰਭੀਰ ਜ਼ਖਮੀ ਹੋ ਗਈ ਸੀ। ਪੁਲਸ ਦੇ ਗਸ਼ਤੀ ਵਾਹਨ ਨਾਲ ਟਕਰਾਉਣ ਤੋਂ ਬਾਅਦ ਪੀੜਤ ਨੂੰ ਗੰਭੀਰ ਹਾਲਤ ਵਿੱਚ ਹਾਰਬਰਵਿਊ ਮੈਡੀਕਲ ਸੈਂਟਰ ਵਿੱਚ ਦਾਖ਼ਲ ਕਰਾਇਆ ਗਿਆ ਸੀ। ਜਿਥੇ ਉਸ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਕਿੰਗ ਕਾਉਂਟੀ ਦੇ ਮੈਡੀਕਲ ਐਗਜ਼ਾਮੀਨਰ ਦੇ ਦਫ਼ਤਰ ਅਨੁਸਾਰ ਮੌਤ ਦਾ ਕਾਰਨ ਕਈ ਸੱਟਾਂ ਹਨ।
ਦਿ ਸੀਏਟਲ ਟਾਈਮਜ਼ ਦੀ ਰਿਪੋਰਟ ਅਨੁਸਾਰ, ਉਹ ਸਾਊਥ ਲੇਕ ਯੂਨੀਅਨ ਵਿੱਚ ਨੌਰਥ-ਈਸਟਰਨ ਯੂਨੀਵਰਸਿਟੀ ਕੈਂਪਸ ਦੀ ਵਿਦਿਆਰਥਣ ਸੀ ਅਤੇ ਇਸ ਸਾਲ ਦਸੰਬਰ ਵਿੱਚ ਸੂਚਨਾ ਪ੍ਰਣਾਲੀ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕਰਨ ਵਾਲੀ ਸੀ।