ਅੰਮ੍ਰਿਤਸਰ, 27 ਜਨਵਰੀ 2023 – ਇੰਸਟਾਗ੍ਰਾਮ ਰੀਲ ਬਣਾਉਣ ਦਾ ਜਨੂੰਨ ਨੌਜਵਾਨਾਂ ਵਿਚ ਐਨਾ ਭਾਰੂ ਹੋ ਗਿਆ ਹੈ ਕਿ ਉਹ ਆਪਣੀ ਜਾਨ ਨਾਲ ਖੇਡਣ ਤੋਂ ਵੀ ਨਹੀਂ ਝਿਜਕਦੇ। ਪੰਜਾਬ ਦੇ ਅੰਮ੍ਰਿਤਸਰ ‘ਚ ਕਾਰ ਦੇ ਬੋਨਟ ਅਤੇ ਸਨਰੂਫ ‘ਤੇ ਚੜ੍ਹ ਕੇ ਨੌਜਵਾਨਾਂ ਵੱਲੋਂ ਰੀਲਾਂ ਬਣਾਉਣ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਇਨ੍ਹਾਂ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵੀਡੀਓ ਅੰਮ੍ਰਿਤਸਰ ਦੀ ਹੈ। ਇਸ ਦੀ ਸ਼ੂਟਿੰਗ ਕੋਰਟ ਰੋਡ ‘ਤੇ ਚਰਚ ਦੇ ਬਾਹਰ ਕੀਤੀ ਗਈ ਹੈ। ਵੀਡੀਓ ਵਿੱਚ ਜਿੱਥੇ ਕਾਰ ਦੀ ਰਫ਼ਤਾਰ 100 ਕਿਲੋਮੀਟਰ ਪ੍ਰਤੀ ਘੰਟਾ ਦੇ ਨੇੜੇ ਹੈ, ਉੱਥੇ ਇੱਕ ਨੌਜਵਾਨ ਬੋਨਟ ਦੇ ਉੱਪਰ ਲੇਟਿਆ ਹੋਇਆ ਹੈ ਅਤੇ ਦੂਜਾ ਸਨਰੂਫ਼ ਤੋਂ ਬਾਹਰ ਨਿਕਲ ਕੇ ਵੀਡੀਓ ਬਣਾ ਰਿਹਾ ਹੈ।
ਕਾਰ ਦੀ ਤੇਜ਼ ਰਫ਼ਤਾਰ ਅਤੇ ਉੱਪਰ ਚੜ੍ਹੇ ਨੌਜਵਾਨਾਂ ਵੱਲੋਂ ਵੀਡੀਓ ਬਣਾਉਣ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਵੀਡੀਓ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਬੋਨਟ ‘ਤੇ ਪਿਆ ਨੌਜਵਾਨ ਬਿਨਾਂ ਕਿਸੇ ਸੁਰੱਖਿਆ ਦੇ ਬੈਠਾ ਸੀ। ਅਜਿਹੇ ‘ਚ ਜੇਕਰ ਕਾਰ ਦੀ ਬ੍ਰੇਕ ਲੱਗ ਜਾਵੇ ਤਾਂ ਸਟੰਟ ਕਾਰਨ ਨੌਜਵਾਨ ਦੀ ਜਾਨ ਵੀ ਜਾ ਸਕਦੀ ਸੀ।
ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ। ਏਸੀਪੀ ਉੱਤਰੀ ਵਰਿੰਦਰ ਖੋਸਾ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲੇ ਚਿਹਰਿਆਂ ਦੀ ਪਛਾਣ ਕੀਤੀ ਜਾ ਰਹੀ ਹੈ। ਵੀਡੀਓ ਤੋਂ ਕਾਰ ਦਾ ਨੰਬਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਨਾਖ਼ਤ ਤੋਂ ਬਾਅਦ ਸਟੰਟ ਕਰਨ ਵਾਲੇ ਨੌਜਵਾਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।