ਨਵਾਂਸ਼ਹਿਰ 27 ਜਨਵਰੀ 2023 – ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਨੇ ਪੰਜਾਬ ਦੇ ਰਾਜਪਾਲ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵਲੋਂ ਖੋਲ੍ਹੇ ਜਾ ਰਹੇ ‘ਆਮ ਆਦਮੀ ਕਲੀਨਿਕਾਂ’ ਦਾ ਨਾਮ ਬਦਲਣ ਲਈ ਜ਼ਰੂਰੀ ਹਿਦਾਇਤਾਂ ਜਾਰੀ ਕੀਤੀਆਂ ਜਾਣ। ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵਲੋਂ ਖੋਲ੍ਹੇ ਜਾ ਰਹੇ ਆਮ ਆਦਮੀ ਕਲੀਨਿਕ ਅਸਲ ਵਿੱਚ ਸੱਤਾਧਾਰੀ ਪਾਰਟੀ ਵਲੋਂ ਪਹਿਲਾਂ ਤੋਂ ਹੀ ਮੌਜੂਦ ਸਿਹਤ ਕੇਂਦਰਾਂ/ਹਸਪਤਾਲਾਂ/ਡਿਸਪੈਂਸਰੀਆਂ ਨੂੰ ਸਿਰਫ ਰੰਗ-ਰੋਗਨ ਕਰਕੇ ਫੋਕੀ ਵਾਹ-ਵਾਹ ਖੱਟਣ ਦਾ ਯਤਨ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਅਜਿਹੇ ਕੁਝ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ।
ਇਥੇ ਦੱਸਣਯੋਗ ਹੈ ਕਿ ਪਰਵਿੰਦਰ ਸਿੰਘ ਕਿੱਤਣਾ ਵਲੋਂ ਮਿਤੀ 24/07/2022 ਨੂੰ ਪੰਜਾਬ ਦੇ ਮੁੱਖ ਮੰਤਰੀ ਅਤੇ ਚੀਫ ਸੈਕਰੇਟਰੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਸੀ ਕਿ ਇਹਨਾਂ ਕਲੀਨਿਕਾਂ ਦੇ ਨਾਮ ਕੁਝ ਹੋਰ ਰੱਖੇ ਜਾਣ ਪਰ ਸਰਕਾਰ ਨੇ ਧਿਆਨ ਦੇਣਾ ਉਚਿੱਤ ਨਹੀਂ ਸਮਝਿਆ। ਅਜਿਹੇ ਕਲੀਨਿਕ ਸਰਕਾਰੀ ਪੈਸੇ ’ਤੇ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਰਨ ਤੋਂ ਇਲਾਵਾ ਕੁਝ ਨਹੀਂ ਹਨ।
ਪੱਤਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ‘ਆਮ ਆਦਮੀ ਕਲੀਨਿਕ’ ਖੋਲ੍ਹੇ ਗਏ ਸਨ ਤਾਂ ਉਥੋਂ ਦੇ ਇਲੈਕਸ਼ਨ ਕਮਿਸ਼ਨ ਨੇ ਮਿਊਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਸਮੇਂ 48 ਘੰਟੇ ਵਿੱਚ ਸਰਕਾਰੀ ਸਕੀਮਾਂ ਵਿੱਚੋਂ ਆਮ ਆਦਮੀ ਸ਼ਬਦ ਹਟਾਉਣ ਲਈ ਕਹਿ ਦਿੱਤਾ ਸੀ। ਇਸ ਤੋਂ ਬਾਅਦ ਦਿੱਲੀ ਵਿੱਚ ‘ਆਮ ਆਦਮੀ ਕਲੀਨਿਕ’ ਦੀ ਥਾਂ ’ਤੇ ‘ਮੁਹੱਲਾ ਕਲੀਨਿਕ’ ਸ਼ਬਦ ਵਰਤਿਆ ਜਾਣ ਲੱਗਿਆ। ਪਰਵਿੰਦਰ ਸਿੰਘ ਕਿੱਤਣਾ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਵੀ ਚੋਣਾਂ ਸਮੇਂ ਇਹ ਸ਼ਬਦ ਹਟਾਉਣੇ ਪੈਣਗੇ ਜਿਸ ਨਾਲ ਪੈਸਾ, ਸਮਾਂ ਤੇ ਸਾਧਨ ਵਿਅਰਥ ਜਾਣਗੇ। ਇਸ ਪੱਤਰ ਦੀ ਕਾਪੀ ਪੰਜਾਬ ਦੇ ਮੁੱਖ ਸਕੱਤਰ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਵੀ ਭੇਜੀ ਗਈ ਹੈ।