ਚੰਡੀਗੜ੍ਹ, 29 ਜਨਵਰੀ 2023 – ਕੁਲਦੀਪ ਚਾਹਲ ਨੂੰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਅਚਾਨਕ ਹਟਾਏ ਜਾਣ ਤੋਂ ਬਾਅਦ ਛਿੜਿਆ ਵਿਵਾਦ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਆਈਪੀਐਸ ਕੰਵਰਦੀਪ ਕੌਰ ਨੂੰ ਛੇਤੀ ਹੀ ਚੰਡੀਗੜ੍ਹ ਦੇ ਨਵੇਂ ਐਸਐਸਪੀ ਦਾ ਚਾਰਜ ਮਿਲ ਸਕਦਾ ਹੈ। ਦੱਸ ਦਈਏ ਕਿ 13 ਦਸੰਬਰ 2009 ਬੈਚ ਦੇ ਚੰਡੀਗੜ੍ਹ ਦੇ ਆਈਪੀਐਸ ਅਧਿਕਾਰੀ ਕੁਲਦੀਪ ਚਾਹਲ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੇ ਹੁਕਮਾਂ ‘ਤੇ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਫਿਲਹਾਲ ਉਨ੍ਹਾਂ ਦੀ ਥਾਂ ‘ਤੇ ਐੱਸਐੱਸਪੀ ਟਰੈਫਿਕ ਮਨੀਸ਼ਾ ਚੌਧਰੀ ਨੂੰ ਵਾਧੂ ਚਾਰਜ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕੁਲਦੀਪ ਚਾਹਲ ਰਿਲੀਵ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਗਏ ਸਨ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਤੋਂ ਆਈਪੀਐਸ ਅਧਿਕਾਰੀਆਂ ਦਾ ਪੈਨਲ ਵੀ ਮੰਗਿਆ ਗਿਆ ਸੀ। ਪੈਨਲ ਵਿੱਚ ਅਖਿਲ ਚੌਧਰੀ, ਸੰਦੀਪ ਗਰਗ, ਭਾਗੀਰਥ ਮੀਨਾ ਅਤੇ ਕੰਵਰਦੀਪ ਕੌਰ ਸਮੇਤ ਹੋਰ ਆਈਪੀਐਸ ਅਧਿਕਾਰੀਆਂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਐਸਐਸਪੀ ਫਿਰੋਜ਼ਪੁਰ ਕੰਵਰਦੀਪ ਕੌਰ ਦਾ ਨਾਂ ਅੱਗੇ ਚੱਲ ਰਿਹਾ ਹੈ।
ਮੂਲ ਰੂਪ ਵਿੱਚ ਚਮਕੌਰ ਸਾਹਿਬ ਤਹਿਸੀਲ ਦੀ ਵਸਨੀਕ ਕੰਵਰਦੀਪ ਕੌਰ ਇਸ ਤੋਂ ਪਹਿਲਾਂ ਕਪੂਰਥਲਾ, ਫਾਜ਼ਿਲਕਾ ਅਤੇ ਮਲੇਰਕੋਟਲਾ ਵਿੱਚ ਐਸਐਸਪੀ ਵਜੋਂ ਸੇਵਾਵਾਂ ਨਿਭਾ ਚੁੱਕੀ ਹੈ।