ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ 30 ਲੱਖ ਪ੍ਰੋਫਾਰਮੇ ਭਰ ਕੇ ਰਾਸ਼ਟਰਪਤੀ ਨੂੰ ਭੇਜੇਗੀ – ਐਡਵੋਕੇਟ ਧਾਮੀ

  • ਘਰ ਘਰ ਤੱਕ ਪਹੁੰਚਾਈ ਜਾਵੇਗੀ ਦਸਤਖ਼ਤੀ ਮੁਹਿੰਮ, ਯੂਐਨਓ ਕੋਲ ਪਹੁੰਚ ਕਰਨ ਦੀ ਵੀ ਕੀਤੀ ਤਿਆਰੀ

ਅੰਮ੍ਰਿਤਸਰ, 1 ਫ਼ਰਵਰੀ 2023 – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਰੰਭੀ ਦਸਤਖ਼ਤੀ ਮੁਹਿੰਮ ਹੋਰ ਸਰਗਰਮੀ ਨਾਲ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਮੁਹਿੰਮ ਤਹਿਤ 13 ਲੱਖ ਤੋਂ ਵੱਧ ਲੋਕਾਂ ਵੱਲੋਂ ਸਵੈ-ਇੱਛਾ ਅਨੁਸਾਰ ਪ੍ਰੋਫਾਰਮੇ ਭਰੇ ਜਾ ਚੁੱਕੇ ਹਨ ਅਤੇ ਸ਼੍ਰੋਮਣੀ ਕਮੇਟੀ ਨੇ ਹੁਣ ਇਸ ਦਾ ਵਿਸਥਾਰ ਕਰਦਿਆਂ ਕਰੀਬ 30 ਲੱਖ ਲੋਕਾਂ ਤੱਕ ਪੁੱਜਣ ਦਾ ਟੀਚਾ ਮਿਥਿਆ ਹੈ। ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਅਗਵਾਈ ਵਿਚ ਪਿੰਡ ਪੱਧਰ ਤੱਕ ਇਹ ਮੁਹਿੰਮ ਲਿਜਾਣ ਲਈ ਰੂਪ-ਰੇਖਾ ਤਿਆਰ ਕੀਤੀ ਗਈ ਹੈ, ਜਿਸ ਤਹਿਤ ਧਰਮ ਪ੍ਰਚਾਰ ਲਈ ਪਿੰਡਾਂ ਵਿਚ ਜਾਣ ਸਮੇਂ ਪ੍ਰਚਾਰਕ ਜਥੇ ਪ੍ਰੋਫਾਰਮੇ ਵੀ ਭਰਵਾਉਣਗੇ।

ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮੀਟਿੰਗਾਂ ਦਾ ਸਿਲਸਿਲਾ ਵੀ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਅੱਜ ਇਥੇ ਸ਼੍ਰੋਮਣੀ ਕਮੇਟੀ ਦਫ਼ਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਧਰਮ ਪ੍ਰਚਾਰ ਦੇ ਅੰਮ੍ਰਿਤਸਰ ਜੋਨ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ, ਪ੍ਰਚਾਰਕਾਂ ਅਤੇ ਦਫ਼ਤਰ ’ਚ ਕੰਮ ਕਰਦੇ ਮੁਲਾਜ਼ਮਾਂ ਨਾਲ ਇਕੱਤਰਤਾ ਕਰਕੇ ਲਹਿਰ ਨੂੰ ਪ੍ਰਚੰਡ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ।

ਇਸੇ ਦੌਰਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਵੱਲੋਂ ਦਸਤਖ਼ਤੀ ਮੁਹਿੰਮ ਦਾ ਹਿੱਸਾ ਬਣਨ ਸਬੰਧੀ ਇੱਛਾ ਪ੍ਰਗਟਾਈ ਜਾ ਰਹੀ ਹੈ, ਪਰੰਤੂ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੱਕ ਨਾ ਪੁੱਜ ਸਕਣ ਕਰਕੇ ਉਹ ਵਾਂਝੇ ਰਹਿ ਰਹੇ ਹਨ। ਇਸ ਨੂੰ ਵੇਖਦਿਆਂ ਪਿੰਡ ਪੱਧਰ ਤੱਕ ਪ੍ਰੋਫਾਰਮੇ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਆਪਣੀ ਜ਼ੁੰਮੇਵਾਰੀ ਨਿਭਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ 30 ਲੱਖ ਪ੍ਰੋਫਾਰਮੇ ਭਰਵਾ ਕੇ ਰਾਸ਼ਟਰਪਤੀ ਦੇ ਨਾਂ ’ਤੇ ਗਵਰਨਰ ਨੂੰ ਸੌਂਪੇ ਜਾਣਗੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਹਾਲ ਹੀ ਵਿਚ ਸਥਾਪਤ ਕੀਤੇ ਗਏ ਅੰਤਰਰਾਸ਼ਟਰੀ ਸਿੱਖ ਸਲਾਹਕਾਰ ਬੋਰਡ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ ਕਰਕੇ ਇਸ ਮੁਹਿੰਮ ਨੂੰ ਆਨਲਾਈਨ ਢੰਗ ਨਾਲ ਵਿਦੇਸ਼ਾਂ ਵਿਚ ਵੀ ਸਰਗਰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਬੰਦੀ ਸਿੰਘਾਂ ਨਾਲ ਕੀਤੇ ਜਾ ਰਹੇ ਵਿਤਕਰੇ ਅਤੇ ਮਨੁੱਖਤਾ ਵਿਰੋਧੀ ਵਰਤਾਰੇ ਦਾ ਮਾਮਲਾ ਯੂਐਨਓ ਪਾਸ ਉਠਾਉਣ ਲਈ ਵੀ ਸ਼੍ਰੋਮਣੀ ਕਮੇਟੀ ਕਾਰਜਸ਼ੀਲ ਹੈ। ਇਸ ਨੂੰ ਲੈ ਕੇ ਕਾਨੂੰਨੀ ਸਲਾਹਕਾਰਾਂ ਅਤੇ ਬੁੱਧੀਜੀਵੀਆਂ ਦੇ ਮਸ਼ਵਰੇ ਨਾਲ ਪੱਤਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਜਲਦ ਯੂਐਨਓ ਨੂੰ ਭੇਜਿਆ ਜਾਵੇਗਾ।

ਐਡਵੋਕੇਟ ਧਾਮੀ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਗੁਰਮੀਤ ਰਾਮ ਰਹੀਮ ਨੂੰ ਸਰਕਾਰਾਂ ਦੀ ਸਰਪ੍ਰਸਤੀ ਵਿਰੁੱਧ ਸ਼੍ਰੋਮਣੀ ਕਮੇਟੀ ਵੱਲੋਂ ਉੱਚ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਲਈ ਵੀ ਤਿਆਰੀਆਂ ਮੁਕੰਮਲ ਹਨ। ਇਸ ਸਬੰਧ ਵਿਚ ਇਸੇ ਹਫ਼ਤੇ ਹੀ ਪਟੀਸ਼ਨ ਦਾਇਰ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਜੀਲੈਂਸ ਨੇ CDPO ਰਿਸ਼ਵਤ ਲੈਂਦਾ ਕੀਤਾ ਕਾਬੂ: ਆਂਗਣਵਾੜੀ ਵਰਕਰ ਤੋਂ ਮੰਗਦਾ ਸੀ ਪੈਸੇ

10 ਸਾਲ ਤੋਂ ਅਪਡੇਟ ਨਾ ਹੋਏ ਆਧਾਰ ਕਾਰਡ ਹੋਣਗੇ ਸਸਪੈਂਡ, ਸਰਕਾਰੀ ਸੇਵਾਵਾਂ ਦਾ ਨਹੀਂ ਮਿਲੇਗਾ ਲਾਭ