ਗੁਰਦਾਸਪੁਰ, 3 ਫਰਵਰੀ 2023 – ਸੜਕ ਹਾਦਸਿਆਂ ਵਿਚ ਰੋਜਾਨਾਂ ਹੀ ਕਈ ਲੋਕ ਆਪਣੀਆਂ ਜਾਨਾਂ ਗਵਾ ਰਹੇ ਹਨ ਹੁਣ ਤਾਜ਼ਾ ਮਾਮਲਾ ਪਿੰਡ ਕਲੇਰ ਕਲਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਟਰਸਾਈਕਲ ਸਵਾਰ ਜੀਜਾ-ਸਾਲਾ ਨੂੰ ਇਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਆਪਣੀ ਲਪੇਟ ’ਚ ਲੈ ਲਿਆ ਅੱਤੇ ਇਸ ਸੜਕ ਹਾਦਸੇ ਜੀਜੇ ਦੀ ਮੋਕੇ ਤੇ ਹੀ ਮੋਤ ਹੋ ਗਈ, ਜਦਕਿ ਸਾਲਾ ਜ਼ਖ਼ਮੀ ਹੋ ਗਿਆ। ਇਸ ਸਬੰਧੀ ਪੁਲਸ ਨੇ ਟਿੱਪਰ ਨੂੰ ਕਬਜ਼ੇ ’ਚ ਲੈ ਕੇ ਟਿੱਪਰ ਚਾਲਕ ਦੇ ਖ਼ਿਲਾਫ਼ ਧਾਰਾ 304ਏ, 279,337,427 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਦੋਸ਼ੀ ਅਜੇ ਫਰਾਰ ਹੈ। ਜਿਸ ਨੂੰ ਫੜਨ ਦੇ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦਾ ਜੀਜਾ ਅੱਜੇਪਾਲ 1 ਫਰਵਰੀ ਨੂੰ ਸਾਡੇ ਪਿੰਡ ਭੰਡਾਲ ਆਇਆ ਸੀ ਅਤੇ ਅੱਜ ਆਪਣੇ ਸਾਲੇ ਅੱਜੇ ਮਸੀਹ ਨੂੰ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੱਸ ਅੱਡਾ ਨੌਸ਼ਹਿਰਾ ਮੱਝਾ ਸਿੰਘ ਬੱਸ ’ਤੇ ਚੜ੍ਹਾਉਣ ਲਈ ਜਾ ਰਿਹਾ ਸੀ ਅਤੇ ਜੀਜਾ ਮੋਟਰਸਾਈਕਲ ਚਲਾ ਰਿਹਾ ਸੀ।
ਜਦੋਂ ਦੋਨੋ ਸਰਕਾਰੀ ਸਕੂਲ ਪਿੰਡ ਕਲੇਰ ਕਲਾਂ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਇਕ ਟਿੱਪਰ ਨੇ ਉਹਨਾਂ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਉਹਨਾਂ ਦਾ ਜੀਜਾ ਅਜੇਪਾਲ ਟਿੱਪਰ ਦੇ ਹੇਠਾਂ ਆ ਕੇ ਮੋਟਰਸਾਈਕਲ ਸਮੇਤ ਫੱਸ ਗਿਆ, ਜਦਕਿ ਸਾਈਡ ਵੱਜਣ ਕਾਰਨ ਸਾਲਾ ਅਜੇ ਮਸੀਹ ਕੱਚੀ ਥਾਂ ’ਤੇ ਡਿੱਗ ਗਿਆ। ਪਰ ਟਿੱਪਰ ਚਾਲਕ ਨੇ ਟਿੱਪਰ ਨਹੀਂ ਰੋਕਿਆ ਤੇ ਘਸੀਟਦਾ ਹੋਇਆ ਅੱਗੇ ਚਲਾ ਗਿਆ, ਜਿਸ ਕਾਰਨ ਓਹਨਾਂ ਦੇ ਜੀਜੇ ਦਾ ਸਿਰ ਟਿੱਪਰ ਦੇ ਪਿਛਲੇ ਟਾਇਰਾਂ ਦੇ ਹੇਠਾਂ ਆ ਗਿਆ ਤੇ ਉਸ ਦੇ ਲੱਕ ਦੇ ਉਪਰੋਂ ਦੀ ਲੰਘ ਗਿਆ। ਇਸ ਹਾਦਸੇ ’ਚ ਉਸ ਦੀ ਮੌਤ ਹੋ ਗਈ, ਜਦਕਿ ਟਿੱਪਰ ਚਾਲਕ ਟਿੱਪਰ ਨੂੰ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ।