- ਪੈਸਿਆਂ ਦੇ ਲੈਣ ਦੇਣ ਕਾਰਨ ਬੇਰਹਿਮੀ ਨਾਲ ਕੀਤੀ ਸੀ ਕੁੱਟਮਾਰ
- ਹਸਪਤਾਲ ‘ਚ ਸਟਰੈਚਰ ‘ਤੇ ਛੱਡ ਭੱਜ ਗਏ ਸੀ ਮੁਲਜ਼ਮ
- ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਵਿੱਚ ਹੋਈ ਕੈਦ
ਲੁਧਿਆਣਾ, 7 ਫਰਵਰੀ 2023 – ਲੁਧਿਆਣਾ ‘ਚ ਫਾਈਨਾਂਸਰ ਤੇ ਉਸ ਦੇ ਸਾਥੀਆਂ ਨੇ ਵਿਅਕਤੀ ਨੂੰ ਅਗਵਾ ਕਰਕੇ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਜਦੋਂ ਵਿਅਕਤੀ ਬੇਹੋਸ਼ ਹੋ ਗਿਆ ਤਾਂ ਮੁਲਜ਼ਮ ਉਸ ਨੂੰ ਦੋਰਾਹਾ ਦੇ ਰਾਜਵੰਤ ਹਸਪਤਾਲ ਵਿੱਚ ਛੱਡ ਕੇ ਫ਼ਰਾਰ ਹੋ ਗਏ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਅਸਲ ‘ਚ ਇੱਕ ਫਾਈਨਾਂਸਰ ਅਤੇ ਉਸਦੇ ਸਾਥੀਆਂ ਵੱਲੋਂ ਇੱਕ ਵਿਅਕਤੀ ਨੂੰ ਅਗਵਾ ਕਰਨ ਤੋਂ ਬਾਅਦ ਕੁੱਟ-ਕੁੱਟ ਕੇ ਕਤਲ ਕੀਤੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ‘ਚ ਦੋਸ਼ੀ ਵਿਅਕਤੀ ਨੂੰ ਚਿੱਟੇ ਰੰਗ ਦੀ ਕਾਰ ‘ਚ ਬੇਹੋਸ਼ੀ ਦੀ ਹਾਲਤ ‘ਚ ਦੋਰਾਹਾ ਦੇ ਰਾਜਵੰਤ ਹਸਪਤਾਲ ਲੈ ਕੇ ਆਏ ਅਤੇ ਸਟਰੈਚਰ ‘ਤੇ ਲੇਟ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ।
ਮ੍ਰਿਤਕ ਦੀ ਪਛਾਣ ਰਾਜਨ ਸਿੰਗਲਾ (48) ਵਾਸੀ ਸ਼ਿਵਾਜੀ ਨਗਰ, ਸ਼ਿੰਗਾਰ ਸਿਨੇਮਾ ਰੋਡ ਵਜੋਂ ਹੋਈ ਹੈ। ਰਾਜਨ ਮਾਡਲ ਟਾਊਨ ਵਿੱਚ ਅਕਾਊਂਟੈਂਟ ਵਜੋਂ ਆਨਲਾਈਨ ਕੰਮ ਕਰਦਾ ਸੀ। ਰਾਜਨ ਨੂੰ ਮਾਰਨ ਵਾਲੇ ਉਸ ਦੇ ਦੋਸਤ ਹਨ। ਉਹ ਕਰੀਬ 16 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਮਾਡਲ ਟਾਊਨ ਵਾਸੀ ਫਾਈਨਾਂਸਰ ਜਗਜੀਤ ਸਿੰਘ ਉਰਫ਼ ਟੋਨੀ, ਰਾਹੁਲ ਕਪੂਰ, ਸੁਰੇਸ਼ ਅਤੇ ਹਰੀਓਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਮ੍ਰਿਤਕ ਦੇ ਪੁੱਤਰ ਯੋਗੇਸ਼ ਸਿੰਗਲਾ ਨੇ ਦੱਸਿਆ ਕਿ ਉਸ ਦਾ ਪਿਤਾ ਜਗਜੀਤ ਸਿੰਘ ਉਰਫ ਟੋਨੀ ਕੋਲ ਕੰਮ ਕਰਦਾ ਸੀ। ਐਤਵਾਰ ਸ਼ਾਮ ਨੂੰ ਜਗਜੀਤ ਸਿੰਘ ਆਪਣੇ ਸਾਥੀਆਂ ਰਾਹੁਲ ਕਪੂਰ, ਸੁਰੇਸ਼ ਅਤੇ ਹਰੀਓਮ ਨਾਲ ਉਨ੍ਹਾਂ ਦੇ ਘਰ ਪਹੁੰਚਿਆ ਅਤੇ ਪਿਤਾ ਨੂੰ ਇਹ ਕਹਿ ਕੇ ਆਪਣੇ ਨਾਲ ਲੈ ਗਿਆ ਕਿ ਉਹ ਕੁਝ ਮਿੰਟਾਂ ‘ਚ ਵਾਪਸ ਆ ਜਾਣਗੇ।
ਦੇਰ ਰਾਤ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਪਰ ਉਸ ਦਾ ਫੋਨ ਬੰਦ ਸੀ। ਜਦੋਂ ਉਸ ਨੇ ਜਗਜੀਤ ਸਿੰਘ ਉਰਫ ਟੋਨੀ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਨ੍ਹਾਂ ਨੇ ਉਸ ਦੇ ਪਿਤਾ ਨੂੰ ਸਮਰਾਲਾ ਚੌਕ ਨੇੜੇ ਛੱਡ ਦਿੱਤਾ ਹੈ।
ਯੋਗੇਸ਼ ਸਿੰਗਲਾ ਨੇ ਦੱਸਿਆ ਕਿ ਰਾਤ ਨੂੰ ਉਸ ਦੇ ਭਰਾ ਇਸ਼ਾਂਤ ਸਿੰਗਲਾ ਨੂੰ ਦੋਰਾਹਾ ਦੇ ਇੱਕ ਪੁਲੀਸ ਮੁਲਾਜ਼ਮ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਕੁਝ ਲੋਕਾਂ ਨੇ ਉਸ ਦੇ ਪਿਤਾ ਨੂੰ ਦੋਰਾਹਾ ਦੇ ਰਾਜਵੰਤ ਹਸਪਤਾਲ ਵਿੱਚ ਸੁੱਟ ਦਿੱਤਾ ਹੈ, ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਜਦੋਂ ਉਹ ਨਿੱਜੀ ਹਸਪਤਾਲ ਪੁੱਜੇ ਤਾਂ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ।
ਯੋਗੇਸ਼ ਸਿੰਗਲਾ ਨੇ ਦੋਸ਼ ਲਾਇਆ ਕਿ ਮੁਲਜ਼ਮ ਜਗਜੀਤ ਸਿੰਘ ਉਰਫ ਟੋਨੀ ਉਸ ਦੇ ਪਿਤਾ ’ਤੇ ਪੈਸਿਆਂ ਲਈ ਦਬਾਅ ਪਾ ਰਿਹਾ ਸੀ ਅਤੇ ਇਸੇ ਕਾਰਨ ਉਸ ਨੇ ਉਸ ਦੇ ਪਿਤਾ ਦਾ ਕਤਲ ਕੀਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਕਤਲ ਦੇ ਕਾਰਨਾਂ ਦਾ ਪਤਾ ਮੁਲਜ਼ਮ ਦੀ ਗ੍ਰਿਫ਼ਤਾਰੀ ਮਗਰੋਂ ਹੀ ਲੱਗੇਗਾ।