- SGPC ਪ੍ਰਧਾਨ ਨੇ ਕੀਤੀ ਕਾਰਵਾਈ ਦੀ ਮੰਗ
ਚੰਡੀਗੜ੍ਹ, 7 ਫਰਵਰੀ 2023- ਪਾਕਿਸਤਾਨ ‘ਚ ਹਿੰਦੂਆਂ ਅਤੇ ਸਿੱਖਾਂ ‘ਤੇ ਅੱਤਿਆਚਾਰ ਖਤਮ ਨਹੀਂ ਹੋ ਰਹੇ ਹਨ। ਜਾਣਕਾਰੀ ਮੁਤਾਬਿਕ, ਸ੍ਰੀ ਨਨਕਾਣਾ ਸਾਹਿਬ ਪਾਕਿ ਵਿੱਚ ਇੱਕ ਸਿੱਖ ਪਰਿਵਾਰ ‘ਤੇ ਕਈ ਲੋਕਾਂ ਦੇ ਵਲੋਂ ਹਮਲਾ ਕੀਤਾ ਗਿਆ ਹੈ। ਹਮਲਾਵਰਾਂ ਦੇ ਵੱਲੋਂ ਦੋ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ ਵੀ ਕੀਤੀ ਗਈ ਹੈ।
ਭਾਜਪਾ ਲੀਡਰ ਮਨਜਿੰਦਰ ਸਿਰਸਾ ਨੇ ਇਸ ਘਟਨਾ ਦੀ ਜਾਣਕਾਰੀ ਟਵਿੱਟਰ ਤੇ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ, ਸਿੱਖ ਪਰਿਵਾਰ ਤੇ ਰਮਜ਼ਾਨ ਗੋਗੀ, ਆਸਿਫ਼ ਨੰਨਾ, ਇਕਬਾਲ, ਸਲਮਾਨ ਅਤੇ ਅਨਵਰ, ਖੋਰ ਸ਼ਾਹੀ, ਬੀਬੀ ਸੈਦੀ ਅਤੇ ਜ਼ੁਬਾਦਾ ਜ਼ੈਦੀ ਨੇ 21 ਜਨਵਰੀ ਨੂੰ ਹਮਲਾ ਕੀਤੀ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਪਾਕਿਸਤਾਨ ਦੇ ਜਿਲ੍ਹਾ ਨਨਕਾਣਾ ਸਾਹਿਬ ਵਿਚ ਦੋ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ ਕਰਨ ਦੀ ਸਖ਼ਤ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਪਾਕਿਸਤਾਨ ਵਿਚ ਪਿਛਲੇ ਸਮੇਂ ਦੌਰਾਨ ਕਈ ਵਾਰ ਸਿੱਖਾਂ ਤੇ ਹਮਲੇ ਹੋ ਚੁੱਕੇ ਹਨ, ਪਰ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ।
ਉਨ੍ਹਾਂ ਕਿਹਾ ਕਿ ਤਾਜ਼ਾ ਮਾਮਲੇ ਵਿਚ ਵੀ ਪੁਲਿਸ ਵੱਲੋਂ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਸਗੋਂ ਸਿੱਖਾਂ ਤੇ ਦਬਾਅ ਬਣਾਇਆ ਜਾ ਰਿਹਾ ਹੈ। ਐਡਵੋਕੇਟ ਧਾਮੀ ਨੇ ਪਾਕਿਸਤਾਨ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਕੂਟਨੀਤਕ ਪੱਧਰ ’ਤੇ ਪਾਕਿਸਤਾਨ ਸਰਕਾਰ ਨਾਲ ਗਲ ਕਰਕੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਵੇ।