- ਇਹ ਕੋਠੀ 1992 ਵਿਚ ਬੇਅੰਤ ਸਿੰਘ ਦੇ ਪਰਿਵਾਰ ਨੂੰ ਕੀਤੀ ਗਈ ਸੀ ਅਲਾਟ
ਚੰਡੀਗੜ੍ਹ, 8 ਫਰਵਰੀ 2023: ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਨੂੰ ਸ਼ਹਿਰ ਵਿਚ ਅਲਾਟ ਸਰਕਾਰੀ ਕੋਠੀ ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਹੈ।
ਇਹ ਕੋਠੀ 1992 ਵਿਚ ਬੇਅੰਤ ਸਿੰਘ ਦੇ ਪਰਿਵਾਰ ਨੂੰ ਅਲਾਟ ਕੀਤੀ ਗਈ ਸੀ ਤੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਕੋਠੀ ਖਾਲੀ ਕਰਨ ਦੇ ਹੁਕਮ ਦਿੱਤੇ ਹਨ। ਇਸ ਕੋਠੀ ਵਿਚ ਲੁਧਿਆਣਾ ਦੇ ਐਮ ਪੀ ਰਵਨੀਤ ਸਿੰਘ ਬਿੱਟੂ ਤੇ ਹੋਰ ਪਰਿਵਾਰਕ ਮੈਂਬਰ ਸਮੇਂ-ਸਮੇਂ ’ਤੇ ਆ ਕੇ ਠਹਿਰਦੇ ਹਨ।
ਪ੍ਰਸ਼ਾਸਨ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਸਰਕਾਰੀ ਘਰ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਐਸਡੀਐਮ ਕੇਂਦਰੀ ਸੰਯਮ ਗਰਗ ਨੇ ਇਹ ਹਦਾਇਤ ਜਾਰੀ ਕੀਤੀ ਹੈ। ਅਸਟੇਟ ਵਿਭਾਗ ਦੀ ਟੀਮ ਮੰਗਲਵਾਰ ਨੂੰ ਸੈਕਟਰ-5 ਸਥਿਤ ਕੋਠੀ ਨੰਬਰ-03/33 ‘ਤੇ ਪਹੁੰਚੀ ਅਤੇ ਕੋਠੀ ‘ਚ ਰਹਿੰਦੇ ਬੇਅੰਤ ਸਿੰਘ ਪੁੱਤਰ ਤੇਜ ਪ੍ਰਕਾਸ਼ ਸਿੰਘ ਨੂੰ ਹਦਾਇਤਾਂ ਸਬੰਧੀ ਨੋਟਿਸ ਸੌਂਪਿਆ। ਯੂਟੀ ਹਾਊਸ ਅਲਾਟਮੈਂਟ ਕਮੇਟੀ ਇਸ ਸਰਕਾਰੀ ਕੋਠੀ ਦੀ ਅਲਾਟਮੈਂਟ ਪਹਿਲਾਂ ਹੀ ਰੱਦ ਕਰ ਚੁੱਕੀ ਹੈ।
ਇਹ ਕੋਠੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਅਲਾਟ ਕੀਤੀ ਗਈ ਸੀ। ਕਾਂਗਰਸੀ ਆਗੂ ਬੇਅੰਤ ਸਿੰਘ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਬੇਅੰਤ ਸਿੰਘ ਅੱਤਵਾਦੀ ਹਮਲੇ ਵਿਚ ਮਾਰਿਆ ਗਿਆ ਸੀ। ਉਸ ਦਾ ਪਰਿਵਾਰ ਵੀ ਇਸ ਸਰਕਾਰੀ ਮਕਾਨ ਵਿੱਚ ਰਹਿ ਰਿਹਾ ਸੀ। ਅਸਟੇਟ ਵਿਭਾਗ ਵੱਲੋਂ ਸਰਕਾਰੀ ਕੋਠੀ ਨੂੰ ਖਾਲੀ ਕਰਵਾਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਬੇਅੰਤ ਸਿੰਘ ਦੇ ਲੜਕੇ ਵੱਲੋਂ ਇਸ ’ਤੇ ਇਤਰਾਜ਼ ਕਰਦਿਆਂ ਐਸਡੀਐਮ ਕੇਂਦਰੀ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਗਈ।
ਮਾਮਲੇ ਦੀ ਸੁਣਵਾਈ ਤੋਂ ਬਾਅਦ ਮੰਗਲਵਾਰ ਨੂੰ ਐੱਸਡੀਐੱਮ ਸੈਂਟਰਲ ਸੰਯਮ ਗਰਗ ਨੇ ਤੇਜ ਪ੍ਰਕਾਸ਼ ਸਿੰਘ ਨੂੰ ਸੈਕਟਰ-5 ਦੀ ਸਰਕਾਰੀ ਕੋਠੀ ਨੰਬਰ-03/33 ਖਾਲੀ ਕਰਨ ਦਾ ਨੋਟਿਸ ਜਾਰੀ ਕੀਤਾ ਹੈ। ਐਸਡੀਐਮ ਕੇਂਦਰੀ ਸੰਯਮ ਗਰਗ ਦੇ ਹੁਕਮਾਂ ’ਤੇ ਅਸਟੇਟ ਵਿਭਾਗ ਦੇ ਸਬ-ਇੰਸਪੈਕਟਰ ਰਮੇਸ਼ ਕਲਿਆਣ ਨੇ ਮੰਗਲਵਾਰ ਨੂੰ ਵਿਭਾਗ ਦੀ ਟੀਮ ਸਮੇਤ ਕੋਠੀ ਨੂੰ ਪਹੁੰਚ ਨੋਟਿਸ ਸੌਂਪਿਆ।
ਐਸਡੀਐਮ ਸੈਂਟਰਲ ਨੇ ਹਾਊਸ ਅਲਾਟਮੈਂਟ ਕਮੇਟੀ ਦੇ ਸਕੱਤਰ ਅਤੇ ਵਿਸ਼ੇਸ਼ ਸਕੱਤਰ ਨੂੰ ਵੀ ਇਸ ਸਰਕਾਰੀ ਮਕਾਨ ਨੂੰ ਖਾਲੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਦੱਸ ਦੇਈਏ ਕਿ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਇਹ ਸਰਕਾਰੀ ਮਕਾਨ ਉਨ੍ਹਾਂ ਦੇ ਪੁੱਤਰ ਤੇਜ ਪ੍ਰਕਾਸ਼ ਸਿੰਘ ਦੇ ਨਾਂ ‘ਤੇ ਅਲਾਟ ਹੋਇਆ ਸੀ। ਪਰ ਬਾਅਦ ਵਿੱਚ ਯੂਟੀ ਹਾਊਸ ਅਲਾਟਮੈਂਟ ਕਮੇਟੀ ਵੱਲੋਂ ਅਲਾਟਮੈਂਟ ਰੱਦ ਕਰ ਦਿੱਤੀ ਗਈ।