ਚੰਡੀਗੜ੍ਹ, 8 ਫਰਵਰੀ 2023 – 15 ਫਰਵਰੀ ਨੂੰ ਹਰਿਆਣਾ-ਦਿੱਲੀ ਸਰਹੱਦ ‘ਤੇ ਸੋਨੀਪਤ ਨੇੜੇ ਸੜਕ ਹਾਦਸੇ ‘ਚ ਮਾਰੇ ਗਏ ਫਿਲਮ ਅਦਾਕਾਰ ਦੀਪ ਸਿੱਧੂ ਦੀ ਮੌਤ ਨੂੰ ਇਕ ਸਾਲ ਹੋ ਜਾਵੇਗਾ। ਪਰ ਬਰਸੀ ਤੋਂ ਇੱਕ ਹਫ਼ਤਾ ਪਹਿਲਾਂ ਹਾਦਸੇ ਦੇ ਸਮੇਂ ਦੀਪ ਸਿੱਧੂ ਨਾਲ ਕਾਰ ਵਿੱਚ ਮੌਜੂਦ ਉਸਦੀ ਮਹਿਲਾ ਦੋਸਤ ਰੀਨਾ ਰਾਏ ਨੇ ਕਈ ਖੁਲਾਸੇ ਕੀਤੇ ਹਨ। ਆਪਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਦੇ ਹੋਏ ਰੀਨਾ ਨੇ ਦੀਪ ਸਿੱਧੂ ਦੀ ਪਤਨੀ ਅਤੇ ਪਰਿਵਾਰ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ।
ਹਾਦਸੇ ਦਾ ਕਾਰਨ ਕੋਈ ਸਾਜ਼ਿਸ਼ ਨਹੀਂ ਸੀ
ਰੀਨਾ ਰਾਏ ਨੇ ਕਿਹਾ ਕਿ ਜਿਸ ਹਾਦਸੇ ਵਿੱਚ ਦੀਪ ਸਿੱਧੂ ਦੀ ਮੌਤ ਹੋਈ ਹੈ, ਉਸ ਵਿੱਚ ਕਿਸੇ ਕਿਸਮ ਦੀ ਕੋਈ ਸਾਜ਼ਿਸ਼ ਨਹੀਂ ਸੀ। ਦੀਪ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਹਾਦਸੇ ਪਿੱਛੇ ਸਾਜ਼ਿਸ਼ ਦਾ ਨਾਂ ਦੇ ਕੇ ਗੁੰਮਰਾਹ ਕੀਤਾ ਗਿਆ। ਹਾਦਸੇ ਸਮੇਂ ਦੀਪ ਸਿੱਧੂ ਨਾਲ ਕਾਰ ‘ਚ ਸਫਰ ਕਰ ਰਹੀ ਰੀਨਾ ਰਾਏ ਨੇ ਦੱਸਿਆ ਕਿ ਦੀਪ ਤੇਜ਼ ਰਫਤਾਰ ਨਾਲ ਗੱਡੀ ਚਲਾ ਰਿਹਾ ਸੀ।
ਇਹ ਤੇਜ਼ ਰਫ਼ਤਾਰ ਸੜਕ ਹਾਦਸੇ ਦਾ ਕਾਰਨ ਬਣੀ। ਰੀਨਾ ਨੇ ਕਿਹਾ ਕਿ ਕਈ ਦਿਨਾਂ ਤੋਂ ਇਹ ਗੱਲ ਜਨਤਕ ਹੋ ਰਹੀ ਸੀ ਕਿ ਸਾਜ਼ਿਸ਼ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਸੱਚਾਈ ਇਹ ਹੈ ਕਿ ਇਸ ਦੀ ਕੋਈ ਜਾਂਚ ਹੀ ਨਹੀਂ ਹੋਈ। ਰੀਨਾ ਨੇ ਦੱਸਿਆ ਕਿ ਉਸ ਨੇ ਇਸ ਹਾਦਸੇ ਬਾਰੇ ਦੀਪ ਦੇ ਭਰਾ ਮਨਦੀਪ ਨੂੰ ਵੀ ਦੱਸਿਆ ਸੀ ਕਿ ਇਹ ਇਕ ਸਾਧਾਰਨ ਹਾਦਸਾ ਸੀ।
ਦੋਵਾਂ ਦਾ ਵਿਆਹ ਸਤੰਬਰ 2022 ‘ਚ ਹੋਣਾ ਸੀ
ਰੀਨਾ ਰਾਏ ਨੇ ਦੱਸਿਆ ਕਿ ਉਸ ਦਾ ਦੀਪ ਸਿੱਧੂ ਨਾਲ 2018 ਤੋਂ ਸਬੰਧ ਸੀ। ਦੋਵਾਂ ਦਾ ਵਿਆਹ ਸਤੰਬਰ 2022 ‘ਚ ਹੋਣਾ ਸੀ। ਪਰ ਸ਼ਾਇਦ ਰੱਬ ਨੂੰ ਇਹ ਮਨਜ਼ੂਰ ਨਹੀਂ ਸੀ। ਦੀਪ ਉਸਨੂੰ ਛੱਡ ਕੇ ਚਲਾ ਗਿਆ। ਪਰ ਉਹ ਹਮੇਸ਼ਾ ਉਸਦੇ ਦਿਲ ਵਿੱਚ ਰਹੇਗਾ। ਰੀਨਾ ਨੇ ਦੱਸਿਆ ਕਿ ਦੀਪ ਸਿੱਧੂ 2011 ਤੋਂ ਆਪਣੀ ਪਤਨੀ ਤੋਂ ਵੱਖ ਹੋ ਗਿਆ ਸੀ।
ਉਸਦੀ ਪਤਨੀ ਰਾਂਚੀ ਵਿੱਚ ਰਹਿੰਦੀ ਹੈ। ਜਦਕਿ ਦੀਪ ਸਿੱਧੂ ਮੁੰਬਈ ‘ਚ ਰਹਿੰਦਾ ਸੀ। ਸਾਲ 2019 ‘ਚ ਦੋਵਾਂ ਵਿਚਾਲੇ ਵੱਖ ਹੋਣ ਦਾ ਸਮਝੌਤਾ ਵੀ ਹੋਇਆ ਸੀ। ਦੋਵਾਂ ਦੇ ਤਲਾਕ ਦਾ ਕੇਸ ਅਦਾਲਤ ਵਿੱਚ ਵਿਚਾਰ ਅਧੀਨ ਸੀ ਅਤੇ ਫੈਸਲਾ ਆਉਣਾ ਬਾਕੀ ਸੀ। ਦੋਹਾਂ ਨੇ ਫੈਸਲਾ ਕੀਤਾ ਉਸ ਨੇ ਕਿਹਾ ਸੀ ਕਿ ਤਲਾਕ ਤੋਂ ਬਾਅਦ ਉਹ ਵਿਆਹ ਕਰ ਲਵੇਗਾ।