ਕਪੂਰਥਲਾ, 8 ਫਰਵਰੀ 2023 – ਗੈਂਗਸਟਰ ਅੰਮ੍ਰਿਤ ਬੱਲ ਨੇ ਕਪੂਰਥਲਾ ‘ਚ ਇਕ ਵਿਅਕਤੀ ਨੂੰ ਕਿਡਨੈਪ ਕਰਕੇ ਉਸ ਦੇ ਬੇਟੇ ਤੋਂ 3 ਕਰੋੜ ਦੀ ਫਿਰੌਤੀ ਮੰਗਣ ਦੇ ਮਾਮਲੇ ‘ਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ। ਉਸਨੇ ਲਿਖਿਆ ਕਿ ਕਪੂਰਥਲਾ ਅਗਵਾ ਕਾਂਡ ਵਿੱਚ ਨਾ ਤਾਂ ਉਸਦਾ ਅਤੇ ਨਾ ਹੀ ਉਸਦੇ ਸਾਥੀ ਲਵਜੀਤ ਕੰਗ ਦਾ ਕੋਈ ਹੱਥ ਸੀ।
ਗੈਂਗਸਟਰ ਨੇ ਅੱਗੇ ਲਿਖਿਆ ਕਿ ਉਸ ਨੂੰ ਇਸ ਕੇਸ ਵਿੱਚ ਝੂਠਾ ਨਾ ਫਸਾਇਆ ਜਾਵੇ। ਜੇਕਰ ਕਿਸੇ ਕੋਲ ਸਬੂਤ ਵਜੋਂ ਕੋਈ ਰਿਕਾਰਡਿੰਗ ਜਾਂ ਕੋਈ ਸੁਨੇਹਾ ਹੈ ਤਾਂ ਵਿਖਾਇਆ ਜਾਵੇ। ਅੰਮ੍ਰਿਤ ਬੱਲ ਨੇ ਕਿਹਾ ਕਿ ਉਸ ‘ਤੇ ਨਜਾਇਜ਼ ਪਰਚੇ ਨਾ ਕੀਤੇ ਜਾਣ।
ਅੰਮ੍ਰਿਤ ਬੱਲ ਨੇ ਲਿਖਿਆ ਕਿ ਉਹ ਖੁਦ ਜਾਇਜ਼ ਪਰਚੇ ਮੰਨਦੇ ਹਨ, ਪਰ ਨਜਾਇਜ਼ ਪਰਚੇ ‘ਚ ਉਸ ਖਿਲਾਫ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ। ਗੈਂਗਸਟਰ ਵਾਰ ਗਡਾਣਾ ਸਾਡਾ ਵੱਡਾ ਭਰਾ ਹੈ, ਜਿਸ ਤੋਂ ਉਹ ਇਨਕਾਰ ਨਹੀਂ ਕਰਦੇ, ਪਰ ਉਨ੍ਹਾਂ ਦਾ ਇਸ ਅਗਵਾ ਕਾਂਡ ਨਾਲ ਕੋਈ ਸਬੰਧ ਨਹੀਂ ਹੈ। ਨਾ ਹੀ ਇਸ ਮਾਮਲੇ ਵਿੱਚ ਉਸ ਦਾ ਕਿਸੇ ਤਰ੍ਹਾਂ ਦਾ ਪੈਸਿਆਂ ਦਾ ਲੈਣ-ਦੇਣ ਹੈ। ਗੈਂਗਸਟਰ ਨੇ ਦੱਸਿਆ ਕਿ ਅੱਜ ਤੱਕ ਉਸ ਨੇ ਕਿਸੇ ਤੋਂ ਫਿਰੌਤੀ ਦੀ ਮੰਗ ਨਹੀਂ ਕੀਤੀ।
ਰਾਜਬੀਰ ਕੌਰ ਵਾਸੀ ਗਾਜੀ ਗਡਾਣਾ ਨੇ ਬੀਤੀ ਜਨਵਰੀ ਮਹੀਨੇ ਵਿੱਚ ਢਿਲਵਾਂ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਸੀ ਕਿ ਉਸ ਦੇ ਪਤੀ ਲਖਵਿੰਦਰ ਸਿੰਘ ਨੂੰ ਗੁਰਇਕਬਾਲ ਸਿੰਘ ਵਾਸੀ ਪਿੰਡ ਗਾਜੀ ਗੁਡਾਣਾ ਅਤੇ ਉਸ ਦੇ ਲੜਕੇ ਸੁਖਜਿੰਦਰ ਸਿੰਘ ਨੇ ਅਗਵਾ ਕਰ ਲਿਆ ਸੀ। ਅਮਰੀਕਾ ‘ਚ ਅਗਵਾ ਕਰਕੇ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਹੈ।
ਪੁਲਸ ਨੇ ਇਸ ਮਾਮਲੇ ‘ਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲੀਸ ਕਪਤਾਨ ਨਵਨੀਤ ਸਿੰਘ ਬੈਂਸ ਨੇ ਦੱਸਿਆ ਸੀ ਕਿ ਇਸ ਕੇਸ ਦਾ ਮੁੱਖ ਮੁਲਜ਼ਮ ਗੁਰਇਕਬਾਲ ਸਿੰਘ ਹੈ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੇ ਆਪਣੇ ਭਤੀਜੇ ਪਵਨ ਵੀਰ ਸਿੰਘ ਨਾਲ ਮਿਲ ਕੇ ਲਖਵਿੰਦਰ ਨੂੰ ਅਗਵਾ ਕਰਨ ਦੀ ਸਾਜ਼ਿਸ਼ ਰਚੀ ਸੀ। ਹਾਲਾਂਕਿ ਪੁਲਸ ਦੇ ਦਬਾਅ ਕਾਰਨ ਉਸ ਨੇ 6 ਜਨਵਰੀ ਨੂੰ ਲਖਵਿੰਦਰ ਨੂੰ ਰਿਹਾਅ ਕਰ ਦਿੱਤਾ। ਪਵਨ ਵੀਰ ਸਿੰਘ, ਜੋ ਕਿ ਗੁਰਇਕਬਾਲ ਦਾ ਭਤੀਜਾ ਹੈ, ਨੂੰ ਬਾਅਦ ਵਿੱਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।