- ਸਮਰਥਕਾਂ ਨੂੰ ਸੁਆਗਤ ਕਾਫ਼ਲੇ ‘ਚ ਸ਼ਾਮਲ ਹੋਣ ਦੀ ਅਪੀਲ
ਲੁਧਿਆਣਾ, 9 ਫਰਵਰੀ 2023 – ਲੁਧਿਆਣਾ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਬਲਾਤਕਾਰ ਦੇ ਕੇਸ ਸਮੇਤ 16 ਹੋਰ ਮਾਮਲਿਆਂ ਵਿੱਚ ਜ਼ਮਾਨਤ ਮਿਲ ਗਈ ਹੈ। ਸੋਸ਼ਲ ਮੀਡੀਆ ‘ਤੇ ਪੋਸਟਾਂ ਪਾ ਕੇ ਉਨ੍ਹਾਂ ਦੇ ਸਮਰਥਕਾਂ ਨੇ ਦਾਅਵਾ ਕੀਤਾ ਹੈ ਕਿ ਭਲਕੇ 10 ਫਰਵਰੀ ਨੂੰ ਸਵੇਰੇ 12 ਵਜੇ ਬੈਂਸ ਬਰਨਾਲਾ ਜੇਲ੍ਹ ‘ਚੋਂ ਬਾਹਰ ਆ ਜਾਣਗੇ। ਬੈਂਸ ਦੇ ਸਵਾਗਤ ਲਈ ਉਨ੍ਹਾਂ ਸਮਰਥਕਾਂ ਨੂੰ ਸੁਆਗਤ ਕਾਫ਼ਲੇ ਵਿੱਚ ਪਹੁੰਚਣ ਦੀ ਅਪੀਲ ਕੀਤੀ।
ਬੈਂਸ ਨੇ ਇਸ ਤੋਂ ਪਹਿਲਾਂ ਸੈਸ਼ਨ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਜਿੱਥੇ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਬੈਂਸ ਨੂੰ ਇੱਥੋਂ ਰਾਹਤ ਮਿਲੀ ਹੈ। ਲੁਧਿਆਣਾ ਜੇਲ੍ਹ ਵਿੱਚ ਬੈਂਸ ਨੂੰ ਖ਼ਤਰਾ ਹੋਣ ਕਾਰਨ ਉਨ੍ਹਾਂ ਨੂੰ ਬਰਨਾਲਾ ਜੇਲ੍ਹ ਭੇਜ ਦਿੱਤਾ ਗਿਆ ਸੀ।
ਜੁਡੀਸ਼ੀਅਲ ਮੈਜਿਸਟਰੇਟ ਹਰਸਿਮਰਨਜੀਤ ਕੌਰ ਦੀ ਅਦਾਲਤ ਨੇ ਜਬਰ ਜਨਾਹ ਮਾਮਲੇ ਦੀ ਸੁਣਵਾਈ ਲਈ ਨਾ ਆਉਣ ਕਾਰਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਅਤੇ 6 ਹੋਰਾਂ ਨੂੰ ਭਗੌੜਾ ਕਰਾਰ ਦਿੱਤਾ ਸੀ। ਇਸ ਦੇ ਨਾਲ ਹੀ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਨੇ ਅਦਾਲਤ ਵਿੱਚ ਪੇਸ਼ ਨਾ ਹੋਣ ’ਤੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। 11 ਜੁਲਾਈ ਨੂੰ ਬੈਂਸ ਨੇ ਆਪਣੇ ਚਾਰ ਸਾਥੀਆਂ ਸਮੇਤ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਪਹਿਲਾਂ ਵੀ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 10 ਜੁਲਾਈ 2021 ਨੂੰ ਥਾਣਾ ਡਵੀਜ਼ਨ ਨੰਬਰ 6 ‘ਚ ਮਹਿਲਾ ਨੇ ਸਾਬਕਾ ਵਿਧਾਇਕ ਬੈਂਸ ਅਤੇ ਉਸ ਦੇ ਸਾਥੀਆਂ ‘ਤੇ ਜਬਰ ਜਨਾਹ ਦਾ ਦੋਸ਼ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਸੀ | ਜਿਸ ਤੋਂ ਬਾਅਦ ਬੈਂਸ ਖਿਲਾਫ ਧਾਰਾ 376, 354, 354-ਏ, 506 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਸਿਮਰਨਜੀਤ ਸਿੰਘ ਮਾਨ ਨਾਲ ਆਪਣਾ ਸਿਆਸੀ ਜੀਵਨ ਸ਼ੁਰੂ ਕਰਨ ਵਾਲੇ ਸਿਮਰਨਜੀਤ ਸਿੰਘ ਬੈਂਸ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ‘ਤੇ ਅਕਾਲੀ ਦਲ ‘ਚ ਕਈ ਦੋਸ਼ ਲੱਗੇ ਸਨ। ਬੈਂਸ ਖ਼ਿਲਾਫ਼ ਤਹਿਸੀਲਦਾਰ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਦਾ ਕੇਸ ਵੀ ਦਰਜ ਕੀਤਾ ਗਿਆ ਸੀ।
ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਚੋਣ ਟਿਕਟ ਨਾ ਦੇਣ ਤੋਂ ਨਾਰਾਜ਼ ਹੋ ਕੇ ਉਨ੍ਹਾਂ ਪਾਰਟੀ ਛੱਡ ਦਿੱਤੀ। ਬਾਅਦ ਵਿੱਚ ਸਿਰਮਜੀਤ ਸਿੰਘ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਸਿੰਘ ਬੈਂਸ ਨੇ ਆਜ਼ਾਦ ਚੋਣ ਲੜੀ ਅਤੇ ਜਿੱਤੇ। ਪਿਛਲੀਆਂ ਚੋਣਾਂ ਵਿੱਚ ਬੈਂਸ ਨੇ ਲੋਕ ਇਨਸਾਫ ਪਾਰਟੀ ਬਣਾਈ ਸੀ ਅਤੇ ‘ਆਪ’ ਨਾਲ ਵੀ ਗੱਠਜੋੜ ਕੀਤਾ ਸੀ ਪਰ ਉਹ ਸਿਰਫ਼ 2 ਸੀਟਾਂ ਹੀ ਬਚਾ ਸਕੇ ਸਨ। ਇਸ ਵਾਰ ਇਕੱਲੇ ਚੋਣ ਲੜੇ, ਪਰ ਝਾੜੂ ਦੀ ਲਹਿਰ ਅੱਗੇ ਨਾ ਟਿਕ ਸਕੇ ਅਤੇ ਸਾਰੀਆਂ ਸੀਟਾਂ ਹਾਰ ਗਏ।