ਪੰਜਾਬ ਪੁਲਿਸ ਵੱਲੋਂ BSF ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਤਰਨਤਾਰਨ ਤੋਂ ਹੈਰੋਇਨ ਅਤੇ ਪਿਸਤੌਲ ਬਰਾਮਦ

  • ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੀ ਸੋਚ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਚਨਬੱਧ
  • ਪਾਕਿ-ਅਧਾਰਤ ਤਸਕਰਾਂ ਵੱਲੋਂ ਡਰੋਨ ਜ਼ਰੀਏ ਭੇਜੀ ਗਈ ਸੀ ਖੇਪ- ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ/ਤਰਨਤਾਰਨ, 10 ਫਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਰਹੱਦ ਪਾਰੋਂ ਤਸਕਰੀ ਸਬੰਧੀ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਤਰਨਤਾਰਨ ਦੇ ਸਰਹੱਦੀ ਪਿੰਡ ਮੀਆਂਵਾਲ ਤੋਂ ਪਾਰਸਲ ਜਿਸ ਵਿੱਚ 3 ਕਿਲੋਗ੍ਰਾਮ ਹੈਰੋਇਨ, ਪੰਜ ਜਿੰਦਾ ਕਾਰਤੂਸ ਅਤੇ ਮੈਗਜ਼ੀਨ ਸਮੇਤ 0.30 ਬੋਰ ਦਾ ਪਿਸਤੌਲ ਸੀ, ਬਰਾਮਦ ਕੀਤਾ। ਇਸ ਖੇਪ ਨੂੰ ਪਾਕਿਸਤਾਨ ਅਧਾਰਤ ਤਸਕਰਾਂ ਨੇ ਸਰਹੱਦ ਪਾਰ ਤੋਂ ਡਰੋਨ ਰਾਹੀਂ ਭੇਜਿਆ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਵੀਰਵਾਰ ਅਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਖੇਮਕਰਨ ਖੇਤਰ ਵਿੱਚ ਭਾਰਤ-ਪਾਕਿ ਸਰਹੱਦ ਨੇੜੇ ਡਰੋਨ ਬਾਰੇ ਇੱਕ ਨਾਗਰਿਕ ਵੱਲੋਂ ਸੂਚਨਾ ਦਿੱਤੀ ਗਈ ਸੀ, ਜਿਸ ‘ਤੇ ਕਾਰਵਾਈ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੀਆਂ ਪੁਲਿਸ ਟੀਮਾਂ ਨੇ ਤੁਰੰਤ ਬੀ.ਐੱਸ.ਐੱਫ. ਨਾਲ ਸੂਚਨਾ ਸਾਂਝੀ ਕੀਤੀ ਅਤੇ ਆਪਸੀ ਸਹਿਯੋਗ ਨਾਲ ਭਾਰਤ-ਪਾਕਿ ਸਰਹੱਦ ਤੋਂ 1 ਕਿਲੋਮੀਟਰ ਦੇ ਘੇਰੇ ਅੰਦਰ ਸਥਿਤ ਖੇਤਰ ‘ਚ ਤਲਾਸ਼ੀ ਮੁਹਿੰਮ ਚਲਾਈ।

ਉਨ੍ਹਾਂ ਕਿਹਾ ਕਿ ਆਲੇ-ਦੁਆਲੇ ਦੇ ਖੇਤਾਂ ਦੀ ਡੂੰਘਾਈ ਨਾਲ ਜਾਂਚ ਦੌਰਾਨ ਪੁਲਿਸ ਅਤੇ ਬੀ.ਐਸ.ਐਫ. ਦੀਆਂ ਟੀਮਾਂ ਨੇ ਮੀਆਂਵਾਲ ਖੇਤਰ ਤੋਂ 3 ਕਿਲੋਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਸਮੇਤ ਗੋਲੀ ਸਿੱਕੇ ਦੀ ਖੇਪ ਸਫਲਤਾਪੂਰਵਕ ਬਰਾਮਦ ਕੀਤੀ।

ਜ਼ਿਕਰਯੋਗ ਹੈ ਕਿ ਇਹ ਬਰਾਮਦਗੀ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ‘ਤੇ ਵਿਸ਼ੇਸ਼ ਨਾਕੇ ਦੌਰਾਨ 15 ਕਿਲੋਗ੍ਰਾਮ ਹੈਰੋਇਨ ਅਤੇ 8.40 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਇੱਕ ਨਾਬਾਲਗ ਨੂੰ ਗ੍ਰਿਫਤਾਰ ਕਰਨ ਤੋਂ ਇੱਕ ਦਿਨ ਬਾਅਦ ਕੀਤੀ ਗਈ। ਇਸ ਖੇਪ ਨੂੰ ਵੀ ਪਾਕਿ ਅਧਾਰਤ ਤਸਕਰਾਂ ਵੱਲੋਂ ਡਰੋਨ ਜ਼ਰੀਏ ਭੇਜਿਆ ਗਿਆ ਸੀ ਅਤੇ ਮੁਲਜ਼ਮ ਅੰਮ੍ਰਿਤਸਰ ਦੇ ਪਿੰਡ ਕੱਕੜ ਦੇ ਸਰਹੱਦੀ ਖੇਤਰ ਤੋਂ ਪਾਰਸਲ ਪ੍ਰਾਪਤ ਕਰਨ ਉਪਰੰਤ ਡਿਲੀਵਰੀ ਕਰਨ ਜਾ ਰਿਹਾ ਸੀ।

ਹੋਰ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਤਰਨਤਾਰਨ ਗੁਰਮੀਤ ਚੌਹਾਨ ਨੇ ਦੱਸਿਆ ਕਿ ਡਰੋਨ ਰਾਹੀਂ ਖੇਪ ਭੇਜਣ ਵਾਲੇ ਪਾਕਿ ਸਮੱਗਲਰਾਂ ਅਤੇ ਉਨ੍ਹਾਂ ਦੇ ਭਾਰਤੀ ਸਾਥੀਆਂ ਜਿਨ੍ਹਾਂ ਨੂੰ ਇਹ ਖੇਪ ਭੇਜੀ ਗਈ ਸੀ, ਦੀ ਪਛਾਣ ਲਈ ਜਾਂਚ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਖੇਮਕਰਨ, ਤਰਨਤਾਰਨ ਵਿਖੇ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21-ਸੀ, 23, 27-ਏ ਅਤੇ 29 ਅਤੇ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11 ਅਤੇ 12 ਤਹਿਤ ਐੱਫ.ਆਈ.ਆਰ ਨੰਬਰ 8 ਮਿਤੀ 10/2/2023 ਨੂੰ ਦਰਜ ਕੀਤੀ ਗਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਤਰਸ ਦੇ ਆਧਾਰ ‘ਤੇ ਪੈਡਿੰਗ ਪਏ ਕੇਸਾਂ ਨੂੰ ਤੁਰੰਤ ਨਿਪਟਾਇਆ ਜਾਵੇ: ਡਾ. ਬਲਜੀਤ ਕੌਰ

ਸਿਮਰਜੀਤ ਬੈਂਸ ਬਰਨਾਲਾ ਜੇਲ੍ਹ ਤੋਂ ਜ਼ਮਾਨਤ ‘ਤੇ ਹੋਇਆ ਰਿਹਾਅ