ਰੂਪਨਗਰ, 11 ਫਰਵਰੀ 2023 – ਰੂਪਨਗਰ ਅਧੀਨ ਪੈਂਦੇ ਨੰਗਲ ਵਿਖੇ ਇੱਕ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ। ਇਸ ਵਿੱਚ ਕਾਰ ਵਿੱਚ ਸਵਾਰ ਚਾਰ ਵਿਅਕਤੀਆਂ ਵਿੱਚੋਂ ਤਿੰਨ ਦੀ ਮੌਤ ਹੋ ਗਈ। ਜਦਕਿ ਇੱਕ ਨੂੰ ਲੋਕਾਂ ਨੇ ਬਚਾ ਲਿਆ। ਇਹ ਘਟਨਾ ਐਮਪੀ ਕੋਠੀ ਨੇੜੇ ਵਾਪਰੀ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਨੰਗਲ ਦੀ ਜਵਾਹਰ ਮਾਰਕੀਟ ਦੇ ਵਸਨੀਕ ਸਨ।
ਬੀਬੀਐਮਬੀ ਮੁਲਾਜ਼ਮ ਮੋਹਨ ਲਾਲ ਆਪਣੀ ਪਤਨੀ, ਭੈਣ ਅਤੇ ਭਰਜਾਈ ਨਾਲ ਬਾਬਾ ਧੂਨੇ ਬਾਲਾ ਮੰਦਰ ਵਿੱਚ ਮੱਥਾ ਟੇਕਣ ਲਈ ਆਪਣੇ ਘਰ ਤੋਂ ਜਾ ਰਹੇ ਸਨ। ਰਸਤੇ ਵਿੱਚ ਅਚਾਨਕ ਕਾਰ ਬੇਕਾਬੂ ਹੋ ਕੇ ਭਾਖੜਾ ਨਹਿਰ ਵਿੱਚ ਜਾ ਡਿੱਗੀ। ਹਾਦਸੇ ਤੋਂ ਬਾਅਦ ਲੋਕਾਂ ਨੇ ਮੋਹਨ ਲਾਲ ਨੂੰ ਤਾਂ ਸੁਰੱਖਿਅਤ ਬਚਾ ਲਿਆ ਪਰ ਕਾਰ ਸਮੇਤ ਉਸ ਦੀ ਪਤਨੀ ਸਰੋਜ, ਭੈਣ ਸੁਮਨ ਅਤੇ ਜੀਜਾ ਅਕਸ਼ੇ ਪਾਣੀ ਦੇ ਤੇਜ਼ ਕਰੰਟ ਵਿੱਚ ਰੁੜ੍ਹ ਗਏ।
ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਨਹਿਰ ਵਿੱਚ ਡਿੱਗਣ ਤੋਂ ਬਾਅਦ ਕਾਫੀ ਦੇਰ ਤੱਕ ਪਾਣੀ ਵਿੱਚ ਤੈਰਦੀ ਰਹੀ। ਲੋਕਾਂ ਦੀ ਮਦਦ ਨਾਲ ਤੈਰਦੀ ਗੱਡੀ ਨੂੰ ਵੀ ਰੱਸੀ ਨਾਲ ਬੰਨ੍ਹਿਆ ਗਿਆ ਪਰ ਅਚਾਨਕ ਗੱਡੀ ਦੀ ਇੱਕ ਖਿੜਕੀ ਖੁੱਲ੍ਹ ਗਈ, ਜਿਸ ਕਾਰਨ ਗੱਡੀ ਪਾਣੀ ਨਾਲ ਭਰ ਗਈ ਅਤੇ ਉਹ ਡੁੱਬ ਗਈ। ਥਾਣਾ ਇੰਚਾਰਜ ਸਬ-ਇੰਸਪੈਕਟਰ ਦਾਨਿਸ਼ ਵੀਰ ਸਿੰਘ ਨੇ ਦੱਸਿਆ ਕਿ ਕਮਲਪ੍ਰੀਤ ਸੈਣੀ ਦੀ ਅਗਵਾਈ ਵਾਲੀ ਗੋਤਾਖੋਰ ਟੀਮ ਨੇ ਡੁੱਬੇ ਤਿੰਨਾਂ ਵਿਅਕਤੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਕਾਰ ਵੀ ਨਹਿਰ ਵਿੱਚੋਂ ਬਰਾਮਦ ਕਰ ਲਈ ਗਈ ਹੈ।