ਸੰਗਰੂਰ, 11 ਫਰਵਰੀ, 2023: ਜ਼ਿਲ੍ਹਾ ਪੁਲਿਸ ਮੁੱਖ ਸੁਰੇਂਦਰ ਲਾਂਬਾ ਨੇ ਪੁਲਿਸ ਲਾਈਨ ਵਿਖੇ ਸੱਦੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਮੁਹਿੰਮ ਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਥਾਣਾ ਛਾਜਲੀ ਵਿਖੇ ਕਤਲ ਦੇ ਇੱਕ ਮੁਕੱਦਮੇ ਵਿੱਚ 4 ਵਿਅਕਤੀਆਂ ਨੂੰ 48 ਘੰਟਿਆਂ ਅੰਦਰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੁਰੇਂਦਰ ਲਾਂਬਾ (ਆਈ.ਪੀ.ਐਸ) ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 08.02.2023 ਨੂੰ ਜਸਵੀਰ ਕੌਰ ਪਤਨੀ ਬੂਟਾ ਸਿੰਘ ਵਾਸੀ ਨੰਗਲਾ ਥਾਣਾ ਲਹਿਰਾ ਨੇ ਥਾਣਾ ਛਾਜਲੀ ਵਿਖੇ ਇਤਲਾਹ ਦਿੱਤੀ ਕਿ ਮਿਤੀ 07.02.2023 ਨੂੰ ਉਸਦਾ ਪਤੀ ਬੂਟਾ ਸਿੰਘ (ਮ੍ਰਿਤਕ), ਰਾਮਕਰਨ ਸਿੰਘ ਅਤੇ ਦਮਨਜੀਤ ਸਿੰਘ ਬੱਕਰੀਆਂ ਚਰਾਉਣ ਲਈ ਸੂਲਰ ਘਰਾਟ ਵਾਲੀ ਨਹਿਰ ਦੇ ਕਿਨਾਰੇ ਗਏ ਸੀ ਜਿੱਥੇ ਉਹਨਾਂ ਦੀ ਇੱਕ ਬੱਕਰੀ ਗੁੰਮ ਹੋ ਗਈ।
ਐਸਐਸਪੀ ਨੇ ਦੱਸਿਆ ਕਿ ਜੋ ਬੱਕਰੀ ਦੀ ਭਾਲ ਵਿੱਚ ਮੱਘਰ ਸਿੰਘ ਵਾਸੀ ਮੌੜਾਂ ਦੇ ਘਰ ਚਲੇ ਗਏ ਕਿਉਂਕਿ ਮੱਘਰ ਸਿੰਘ ਪਾਸ ਵੀ ਬੱਕਰੀਆਂ ਹਨ ਤਾਂ ਮੱਘਰ ਸਿੰਘ ਵਗੈਰਾ ਨੇ ਬੂਟਾ ਸਿੰਘ ਵਗੈਰਾ ਉਪਰ ਹਮਲਾ ਕਰ ਦਿੱਤਾ, ਜਿੱਥੋਂ ਬੂਟਾ ਸਿੰਘ ਵਗੈਰਾ ਮੌਕੇ ਤੋਂ ਭੱਜ ਗਏ ਤਾਂ ਉੱਕਤ ਵਿਅਕਤੀਆਂ ਨੇ ਬੂਟਾ ਸਿੰਘ ਤੇ ਦਮਨਪ੍ਰੀਤ ਸਿੰਘ ਨੂੰ ਘੇਰ ਕੇ ਉਹਨਾਂ ਦੀ ਬਹੁਤ ਕੁੱਟਮਾਰ ਕੀਤੀ ਤੇ ਜੈੱਨ ਗੱਡੀ ਵਿੱਚ ਪਾ ਕੇ ਬੰਦੀ ਬਣਾ ਕੇ ਲੈ ਗਏ। ਐਸਐਸਪੀ ਨੇ ਦੱਸਿਆ ਕਿ ਜਿਸ ਤੋਂ ਬਾਅਦ ਬੂਟਾ ਸਿੰਘ ਅਤੇ ਦਮਨਜੀਤ ਸਿੰਘ ਨੂੰ ਸਿਵਲ ਹਸਪਤਾਲ ਸੁਨਾਮ ਦਾਖਲ ਕਰਵਾਇਆ। ਜਿੱਥੋਂ ਇਲਾਜ ਲਈ ਉਹਨਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਸੀ। ਐਸ.ਐਸ.ਪੀ ਨੇ ਦੱਸਿਆ ਕਿ ਦੌਰਾਨੇ ਇਲਾਜ ਮੁਦਈ ਮੁਕੱਦਮਾ ਦੇ ਪਤੀ ਬੂਟਾ ਸਿੰਘ ਦੀ ਮੌਤ ਹੋ ਗਈ ਜਿਸ ਦੇ ਅਧਾਰ ‘ਤੇ ਮੁਕੱਦਮਾ ਨੰਬਰ 13 ਮਿਤੀ 08.02.2023 ਅ/ਧ 302, 365, 341, 342, 323, 148, 149 ਹਿੰ:ਡੰ: ਥਾਣਾ ਛਾਜਲੀ ਬਰਖਿਲਾਫ ਮੱਘਰ ਸਿੰਘ ਪੁੱਤਰ ਨਰੰਗ ਸਿੰਘ, ਸਰਬਜੀਤ ਸਿੰਘ ਪੁੱਤਰ ਮੱਘਰ ਸਿੰਘ ਵਾਸੀਆਨ ਮੌੜਾਂ, ਗੁਰਪ੍ਰੀਤ ਸਿੰਘ ਪੁੱਤਰ ਰਾਮਜੀਤ ਸਿੰਘ ਵਾਸੀ ਬਘਰੋਲ, ਗੁਰਦਾਸ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸ਼ੇਰੋ ਨੂੰ 48 ਘੰਟਿਆਂ ਦੇ ਅੰਦਰ-ਅੰਦਰ ਗ੍ਰਿਫ਼ਤਾਰ ਕੀਤਾ ਗਿਆ।
ਐਸ.ਐਸ.ਪੀ ਨੇ ਦੱਸਿਆ ਕਿ ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਿੜਬਾ ਅਤੇ ਮੁੱਖ ਅਫਸਰ ਥਾਣਾ ਦਿੜਬਾ ਨੂੰ ਹਦਾਇਤ ਕੀਤੀ ਗਈ ਹੈ ਕਿ ਮੁਕੱਦਮੇ ਦੀ ਤਫਤੀਸ਼ ਡੂੰਘਾਈ ਨਾਲ ਕਰਕੇ ਮੁਕੱਦਮੇ ਦਾ ਛੇਤੀ ਨਿਪਟਾਰਾ ਕੀਤਾ ਜਾਵੇ ਤਾਂ ਜੋ ਜ਼ਿੰਮੇਵਾਰ ਵਿਅਕਤੀਆਂ ਨੂੰ ਸਜ਼ਾ ਦਿਵਾਈ ਜਾ ਸਕੇ।