- ਵਿਰੋਧੀਆਂ ਨੇ ਚੁੱਕੇ ਸਵਾਲ
- ਭਾਜਪਾ ਆਗੂਆਂ ਨੇ ਮੰਗੀ ਮਾਫੀ
ਚੰਡੀਗੜ੍ਹ, 11 ਫਰਵਰੀ 2023 – ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਵਾਦਾਂ ਵਿੱਚ ਘਿਰ ਗਏ ਹਨ। ਉਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਫਰੀਦਾਬਾਦ ਦੇ ਸੈਕਟਰ-15 ਦਾ ਹੈ। ਇੱਥੇ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਣ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਅਰਦਾਸ ਦੌਰਾਨ ਸੀਐਮ ਮਨੋਹਰ ਨੇ ਸਿਰ ਨਹੀਂ ਢੱਕਿਆ ਸੀ।
ਦੱਸ ਦੇਈਏ ਕਿ ਸਿੱਖ ਮਰਿਆਦਾ ਅਨੁਸਾਰ ਅਰਦਾਸ ਸਮੇਂ ਅਤੇ ਗੁਰਦੁਆਰੇ ਜਾਣ ਸਮੇਂ ਸਿਰ ਢੱਕਣਾ ਜ਼ਰੂਰੀ ਹੈ। ਵਿਰੋਧੀ ਪਾਰਟੀਆਂ ਨੇ ਨੰਗੇ ਸਿਰ ਹੋਣ ਨੂੰ ਲੈ ਕੇ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
‘ਆਪ’ ਆਗੂ ਨੀਲ ਗਰਗ ਅਤੇ ਅਕਾਲੀ ਆਗੂ ਮਹੇਸ਼ਇੰਦਰ ਗਰੇਵਾਲ ਨੇ ਇਸ ’ਤੇ ਸਵਾਲ ਖੜ੍ਹੇ ਕੀਤੇ ਹਨ। ਜਦੋਂ ਕਿ ਭਾਜਪਾ ਨੇਤਾ ਰਮਨ ਮਲਿਕ ਨੇ ਮੁਆਫੀ ਮੰਗ ਲਈ ਹੈ। ਹਾਲਾਂਕਿ ਇਸ ‘ਤੇ ਸੀਐਮ ਮਨੋਹਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਪੰਜਾਬ ਤੋਂ ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ। ਇਸ ‘ਤੇ ਸੀਐਮ ਮਨੋਹਰ ਲਾਲ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਇੱਕ ਗੱਲ ਬੜੀ ਅਜੀਬ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਧਾਰਮਿਕ ਭਾਵਨਾਵਾਂ ਜਾਂ ਮਰਿਯਾਦਾ ਦਾ ਨਹੀਂ ਪਤਾ।
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਵੀਡੀਓ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਨੂੰ ਗੁਰਦੁਆਰੇ ਵਿੱਚ ਅਰਦਾਸ ਵਿੱਚ ਸ਼ਾਮਲ ਹੁੰਦੇ ਦਿਖਾਇਆ ਗਿਆ ਹੈ। ਉਨ੍ਹਾਂ ਨੰਗੇ ਸਿਰ ਅਰਦਾਸ ਵਿਚ ਸ਼ਮੂਲੀਅਤ ਕੀਤੀ। ਇਸ ਤੋਂ ਇਹ ਸੱਚ ਸਾਹਮਣੇ ਆਇਆ ਕਿ ਭਾਜਪਾ ਗੁਰਦੁਆਰਿਆਂ ‘ਤੇ ਕਬਜ਼ਾ ਕਿਉਂ ਕਰਨਾ ਚਾਹੁੰਦੀ ਹੈ। ਉਹ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਇਸ਼ਾਰੇ ‘ਤੇ ਕਿਉਂ ਨੱਚ ਰਹੀ ਹੈ? ਭਾਜਪਾ ਸਿੱਖ ਮਰਿਯਾਦਾ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਹੈ।
ਹਰਿਆਣਾ ਤੋਂ ਭਾਜਪਾ ਦੇ ਬੁਲਾਰੇ ਰਮਨ ਮਲਿਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਕੁਝ ਆਗੂ ਸਸਤੀ ਰਾਜਨੀਤੀ ਲਈ ਸਮਾਜਿਕ ਸਦਭਾਵਨਾ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਮੈਂ ਨਿਮਰਤਾ ਨਾਲ ਕਹਿੰਦਾ ਹਾਂ ਕਿ ਜਿਸ ਵੀ ਪ੍ਰੋਗਰਾਮ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ਿਰਕਤ ਕੀਤੀ ਹੈ, ਗਲਤੀ ਕਾਰਨ ਉਨ੍ਹਾਂ ਦਾ ਸਿਰ ਨਹੀਂ ਢੱਕਿਆ ਗਿਆ ਹੈ। ਮੈਂ ਉਸ ਲਈ ਮੁਆਫੀ ਮੰਗਦਾ ਹਾਂ।
ਪੰਜਾਬ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਸੀਐਮ ਮਨੋਹਰ ਲਾਲ ਨੇ ਅਰਦਾਸ ਵਿੱਚ ਸਿਰ ਨਹੀਂ ਢੱਕਿਆ। ਇਹ ਉਹ ਹੀ ਦੱਸ ਸਕਦੇ ਹਨ ਕਿ ਸਿਰ ਕਿਉਂ ਨਹੀਂ ਢੱਕਿਆ ਗਿਆ। ਪਰ, ਉਸ ਵੱਲੋਂ ਕੀਤੀ ਗਲਤੀ ਲਈ ਮੈਂ ਮੁਆਫੀ ਮੰਗਦਾ ਹਾਂ। ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਸਾਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜਦੋਂ ਅਸੀਂ ਉੱਚੇ ਅਹੁਦਿਆਂ ‘ਤੇ ਬੈਠੇ ਹੁੰਦੇ ਹਾਂ ਤਾਂ ਸਾਡੀ ਜ਼ਿੰਮੇਵਾਰੀ ਹੋਰ ਵਧ ਜਾਂਦੀ ਹੈ।