ਨਵੀਂ ਦਿੱਲੀ, 12 ਫਰਵਰੀ 2023 – ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਨੂੰ ਲੈ ਕੇ ਇਕ ਵਾਰ ਫਿਰ ਹਰਿਆਣਾ ਸਰਕਾਰ ਨੂੰ ਘੇਰਿਆ ਹੈ। ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੇ ਗੀਤ ਦੀ ਧੁਨ ਤਿਆਰ ਕਰਨ ਦੀ ਵੀਡੀਓ ‘ਤੇ ਟਵੀਟ ਕੀਤਾ ਅਤੇ ਕਿਹਾ ਕਿ ਖੱਟਰ ਸਾਹਬ, ਕੀ ਤੁਸੀਂ ਇਸ ਤੋਂ ਅਗਲੀਆਂ ਚੋਣਾਂ ਦੇ ਪ੍ਰਚਾਰ ਲਈ ਕਿਤੇ ਗੀਤ ਤਾਂ ਨਹੀਂ ਬਣਵਾ ਰਹੇ ਹੋ ?
ਇਸ ਵੀਡੀਓ ‘ਚ ਰਾਮ ਰਹੀਮ ਆਪਣੇ ਚੇਲੇ ਨੂੰ ਗੀਤ ਦੀ ਟਿਊਨ ਤਿਆਰ ਕਰਨ ਦੀ ਟ੍ਰੇਨਿੰਗ ਦੇ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਤੋਂ ਅਸ਼ੀਰਵਾਦ ਲੈਣ ਨੂੰ ਲੈ ਕੇ ਸੀਐਮ ਮਨੋਹਰ ਲਾਲ ਦੇ ਓਐਸਡੀ ਕ੍ਰਿਸ਼ਨ ਬੇਦੀ ਅਤੇ ਰਾਜ ਸਭਾ ਮੈਂਬਰ ਕ੍ਰਿਸ਼ਨ ਪੰਵਾਰ ‘ਤੇ ਨਿਸ਼ਾਨਾ ਸਾਧਿਆ ਸੀ।
ਦੱਸ ਦੇਈਏ ਕਿ ਰਾਮ ਰਹੀਮ ਖੁਦ ਗੀਤ ਲਿਖਦਾ ਹੈ, ਆਪਣਾ ਸੰਗੀਤ ਤਿਆਰ ਕਰਦਾ ਹੈ ਅਤੇ ਖੁਦ ਗਾਉਂਦਾ ਹੈ। ਇਹ ਦਾਅਵਾ ਉਹ ਕਈ ਵਾਰ ਕਰ ਚੁੱਕੇ ਹਨ। ਇਨ੍ਹੀਂ ਦਿਨੀਂ ਉਹ ਪੈਰੋਲ ‘ਤੇ ਬਾਹਰ ਹੈ। ਇਸ ਦੌਰਾਨ ਉਨ੍ਹਾਂ ਨੇ ‘ਮੇਰੇ ਦੇਸ਼ ਕੀ ਜਵਾਨੀ’ ਗੀਤ ਲਾਂਚ ਕੀਤਾ ਸੀ।
ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਵੀ ਅਕਤੂਬਰ 2022 ਵਿੱਚ ਰਾਮ ਰਹੀਮ ਨੂੰ ਮਿਲੀ ਪੈਰੋਲ ਦਾ ਵਿਰੋਧ ਕੀਤਾ ਸੀ। ਸਵਾਤੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਨ ‘ਤੇ ਡੇਰਾ ਪ੍ਰੇਮੀਆਂ ਵੱਲੋਂ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸਨ। ਆਪਣੇ ਟਵੀਟ ਅਕਾਊਂਟ ‘ਤੇ ਇਸ ਦਾ ਜ਼ਿਕਰ ਕਰਦੇ ਹੋਏ ਸਵਾਤੀ ਮਾਲੀਵਾਲ ਨੇ ਕਿਹਾ ਕਿ ਜਦੋਂ ਤੋਂ ਉਨ੍ਹਾਂ ਨੇ ਰਾਮ ਰਹੀਮ ਖਿਲਾਫ ਆਵਾਜ਼ ਉਠਾਈ ਹੈ, ਉਸ ਦੇ ਚੇਲੇ ਕਹਿ ਰਹੇ ਹਨ ਕਿ ਬਾਬਾ ਤੋਂ ਦੂਰ ਰਹੋ। ਸਵਾਤੀ ਨੇ ਕਿਹਾ ਕਿ ਸੀ ਕਿ ਉਹ ਅਜਿਹੀਆਂ ਧਮਕੀਆਂ ਤੋਂ ਨਹੀਂ ਡਰਦੀ, ਉਹ ਸੱਚ ਦੀ ਆਵਾਜ਼ ਬੁਲੰਦ ਕਰਦੀ ਰਹੇਗੀ, ਜੇ ਹਿੰਮਤ ਹੈ ਤਾਂ ਸਾਹਮਣੇ ਤੋਂ ਗੋਲੀ ਚਲਾਓ।
ਸਵਾਤੀ ਮਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪੈਰੋਲ ਅਤੇ ਮਾਫੀ ਦੇ ਨਿਯਮਾਂ ਵਿੱਚ ਬਦਲਾਅ ਦੀ ਮੰਗ ਕੀਤੀ ਸੀ। ਚਿੱਠੀ ‘ਚ ਸਵਾਤੀ ਨੇ ਲਿਖਿਆ ਸੀ ਕਿ ਬਿਲਕਿਸ ਬਾਨੋ ਦੀ ਬਲਾਤਕਾਰੀ ਦੀ ਰਿਹਾਈ ਅਤੇ ਰਾਮ ਰਹੀਮ ਦੀ ਪੈਰੋਲ ਨੇ ਦੇਸ਼ ਦੇ ਹਰ ਨਿਰਭਯਾ ਦੀ ਭਾਵਨਾ ਨੂੰ ਤੋੜ ਦਿੱਤਾ ਹੈ। ਉਸ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੁਆਫ਼ੀ ਅਤੇ ਪੈਰੋਲ ਦੇ ਨਿਯਮਾਂ ਨੂੰ ਬਦਲਣ ਦੀ ਅਪੀਲ ਕੀਤੀ ਹੈ। ਨਾਲ ਹੀ ਬਿਲਕਿਸ ਬਾਨੋ ਦੇ ਬਲਾਤਕਾਰੀ ਅਤੇ ਰਾਮ ਰਹੀਮ ਨੂੰ ਵਾਪਸ ਜੇਲ੍ਹ ਭੇਜਣ ਦੀ ਮੰਗ ਕੀਤੀ।
ਇਸ ਤੋਂ ਪਹਿਲਾਂ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਨੂੰ ਲੈ ਕੇ ਹਰਿਆਣਾ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਸੀ। ਸਵਾਤੀ ਮਾਲੀਵਾਲ ਨੇ ਹਰਿਆਣਾ ਦੇ ਸੀਐਮ ਮਨੋਹਰ ਲਾਲ ਨੂੰ ਪੁੱਛਿਆ ਕਿ ਰਾਮ ਰਹੀਮ ਕੋਲ ਕਿਹੜਾ ਜ਼ਰੂਰੀ ਕੰਮ ਆਇਆ ਕਿ ਉਸ ਨੂੰ ਪੈਰੋਲ ਦਿੱਤੀ ਗਈ।
ਮਾਲੀਵਾਲ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ 5 ਸਵਾਲ ਪੁੱਛੇ। ਉਨ੍ਹਾਂ ਕਿਹਾ ਸੀ ਕਿ ਰਾਮ ਰਹੀਮ ਨੂੰ ਅਦਾਲਤ ਨੇ ਪੈਰੋਲ ਦਿੱਤੀ ਸੀ? ਜੇ ਹਾਂ, ਤਾਂ ਕਿਹੜੀ ਅਦਾਲਤ ਨੇ ਦਿੱਤੀ? ਤੁਹਾਡੇ ਮੰਤਰੀ ਨੇ ਕਿਹਾ ਕਿ ਪੈਰੋਲ ਤੁਹਾਡੀ ਸਰਕਾਰ ਦੇ ਜੇਲ੍ਹ ਵਿਭਾਗ ਦਾ ਮੁੱਦਾ ਹੈ, ਤਾਂ ਕੀ ਗ੍ਰਹਿ ਮੰਤਰੀ ਨੇ ਝੂਠ ਬੋਲਿਆ, ਕੀ ਜ਼ਿਲ੍ਹਾ ਅਧਿਕਾਰੀ ਨੇ ਪੈਰੋਲ ਦਿੱਤੀ? ਪੈਰੋਲ ਸਿਰਫ਼ ਬਹੁਤ ਮਹੱਤਵਪੂਰਨ ਕਾਰਨਾਂ ਕਰਕੇ ਹੀ ਦਿੱਤੀ ਜਾਂਦੀ ਹੈ। ਰਾਮ ਰਹੀਮ ਦਾ ਕੀ ਹੈ ਅਹਿਮ ਕੰਮ, ਉਸ ਦੇ ਸਤਿਸੰਗ ‘ਚ ਗਏ ਉਨ੍ਹਾਂ ਸਰਕਾਰੀ ਲੋਕਾਂ ‘ਤੇ ਕੀ ਕਾਰਵਾਈ ਹੋਵੇਗੀ? ਕੀ ਸਰਕਾਰ ਬਾਬੇ ਨੂੰ ਚੰਗੇ ਆਚਰਣ ਵਾਲਾ ਕੈਦੀ ਸਮਝਦੀ ਸੀ?
ਸਵਾਤੀ ਮਾਲੀਵਾਲ ਨੇ ਹਰਿਆਣਾ ਸਰਕਾਰ ਨੂੰ ਰਾਮ ਰਹੀਮ ਦੀ ਭਗਤੀ ‘ਚ ਮਸਤ ਕਿਹਾ ਸੀ। ਸਵਾਤੀ ਮਾਲੀਵਾਲ ਨੇ ਕਿਹਾ ਕਿ ਰਾਮ ਰਹੀਮ ਕਾਤਲ ਅਤੇ ਬਲਾਤਕਾਰੀ ਹੈ। ਹਰਿਆਣਾ ਸਰਕਾਰ ਜਦੋਂ ਚਾਹੇ ਉਸ ਨੂੰ ਪੈਰੋਲ ’ਤੇ ਰਿਹਾਅ ਕਰ ਦਿੰਦੀ ਹੈ।
ਅਦਾਲਤ ਨੇ ਬਲਾਤਕਾਰ ਅਤੇ ਕਤਲ ਦੇ ਜੁਰਮ ਵਿੱਚ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਜਿਹੇ ਖਤਰਨਾਕ ਵਿਅਕਤੀ ਨੂੰ ਵਾਰ-ਵਾਰ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ। ਉਹ ਪੈਰੋਲ ‘ਤੇ ਭਾਸ਼ਣ ਅਤੇ ਗੀਤ ਬਣਾਉਂਦਾ ਹੈ ਅਤੇ ਹਰਿਆਣਾ ਸਰਕਾਰ ਦੇ ਕੁਝ ਨੇਤਾ ਸ਼ਰਧਾ ਵਿਚ ਮਗਨ ਹੋ ਕੇ ਤਾੜੀਆਂ ਵਜਾਉਂਦੇ ਹਨ। ਹਰਿਆਣਾ ਸਰਕਾਰ ਨੂੰ ਗੁਰਮੀਤ ਦੀ ਪੈਰੋਲ ਤੁਰੰਤ ਖਤਮ ਕਰਨੀ ਚਾਹੀਦੀ ਹੈ।
