ਭਿੱਖੀਵਿੰਡ, 16 ਫਰਵਰੀ 2023 – ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਪਹੂਵਿੰਡ ਵਿੱਚ ਬੀਤੀ ਰਾਤ ਕਰੀਬ ਤਿੰਨ ਨੌਜਵਾਨਾਂ ਵੱਲੋਂ ਪਿੰਡ ਪਹੂਵਿੰਡ ਦੇ ਇੱਕ ਘਰ ਅੰਦਰ ਦਾਖਿਲ ਹੋ ਕੇ ਇੱਕ ਨਾਬਾਲਗ ਲੜਕੀ ਨੂੰ ਪਿਸਤੌਲ ਦੀ ਨੌਕ ਤੇ ਅਗਵਾਹ ਕਰਕੇ ਆਪਣੇ ਨਾਲ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਪਰਿਵਾਰ ਨੇ ਦੋਸ਼ ਲਾਏ ਹਨ ਕਿ ਘਰ ਅੰਦਰ ਦਾਖਿਲ ਹੋਏ ਤਿੰਨਾਂ ਨੌਜਵਾਨਾਂ ਨੇ ਪਹਿਲਾਂ ਲੜਕੀ ਦੀ ਮਾਂ-ਭੈਣ ਅਤੇ ਭਰਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਫਿਰ ਬਾਅਦ ਵਿੱਚ ਲੜਕੀ ਦੀ ਮਾਂ ਤੇ ਪਿਸਤੌਲ ਤਾਣ ਕੇ ਲੜਕੀ ਨੂੰ ਅਗਵਾ ਕਰਕੇ ਲੈ ਗਏ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਤੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੀ ਮਾਂ ਰਾਣੀ ਨੇ ਦੱਸਿਆ ਕਿ ਉਸ ਦਾ ਪਤੀ ਸ਼ਿੰਦਾ ਸਿੰਘ ਪਿੰਡ ਵਿੱਚ ਹੀ ਕਿਸੇ ਕੰਮ ਲਈ ਗਿਆ ਸੀ ਅਤੇ ਉਸਦੀ ਵੱਡੀ ਲੜਕੀ ਪ੍ਰੀਤੀ ਅਤੇ ਛੋਟੀ ਲੜਕੀ ਤੇ ਲੜਕਾ ਘਰ ਮੋਜੂਦ ਸੀ ਕਿ ਅਚਾਨਕ ਬਾਹਰ ਦਾ ਦਰਵਾਜਾ ਕੁੱਝ ਨੌਜਵਾਨਾਂ ਨੇ ਖਟਕਾਇਆ ਤਾਂ ਜਦ ਉਸਨੇ ਦਰਵਾਜਾ ਖੋਲ੍ਹਿਆ ਤਾਂ ਤਿੰਨਾਂ ਨੌਜਵਾਨਾਂ ਚੋਂ ਇੱਕ ਨੌਜਵਾਨ ਨੇ ਉਸਦੇ ਸਿਰ ਵਿੱਚ ਹਾਕੀ ਮਾਰ ਦਿੱਤੀ ਅਤੇ ਘਰ ਦੇ ਕਮਰੇ ਚ ਬੈਠੀ ਉਸਦੀ ਲੜਕੀ ਪ੍ਰੀਤੀ ਨੂੰ ਧੂਹ ਕੇ ਬਾਹਰ ਲੈ ਗਏ। ਲੜਕੀ ਦੀ ਮਾਂ ਨੇ ਦੱਸਿਆ ਕਿ ਜਦੋਂ ਉਸਨੇ ਇਸ ਦਾ ਵਿਰੋਧ ਕੀਤਾ ਤਾਂ ਉਕਤ ਨੌਜਵਾਨਾਂ ਨੇ ਉਸਤੇ ਪਿਸਤੋਲ ਤਾਣ ਦਿੱਤੀ ਅਤੇ ਇਹ ਧਮਕੀ ਦਿੱਤੀ ਕਿ ਜੇਕਰ ਤੂੰ ਕੋਈ ਰੋਲਾ ਪਾਇਆ ਤਾਂ ਤੈਨੂੰ ਗੋਲੀ ਮਾਰ ਦਿਆਂਗੇ।

ਮਿਲੀ ਜਾਣਕਾਰੀ ਅਨੁਸਾਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਧਾਰਾ 376 ਦੇ ਕੇਸ ‘ਚ ਅਦਾਲਤ ਵਲੋਂ ਭਗੌੜਾ ਕਰਾਰ ਦਿੱਤਾ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੜਕੀ ਦੇ ਪਿਤਾ ਸ਼ਿੰਦਾ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਾਸੀ ਸਲਮਾਨ ਖ਼ਿਲਾਫ਼ ਪੁਲਿਸ ਵਲੋਂ 7 ਮਹੀਨੇ ਪਹਿਲਾਂ 376 ਦੇ ਕੇਸ ਦਰਜ ਕੀਤਾ ਗਿਆ ਸੀ ਪਰ ਪੁਲਿਸ ਦੀ ਢਿੱਲੀ ਕਾਰਵਾਈ ਕਾਰਨ ਦੋਸ਼ੀ ਨੌਜਵਾਨ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਅਦਾਲਤ ਨੇ ਸਲਮਾਨ ਨੂੰ ਭਗੌੜਾ ਕਰਾਰ ਕੀਤਾ ਹੋਇਆ ਹੈ ਅਤੇ ਉਹ ਬੀਤੀ ਰਾਤ ਮੇਰੀ ਗੈਰ-ਮੌਜੂਦਗੀ ‘ਚ ਆਪਣੇ ਹਥਿਆਰਬੰਦ ਸਾਥੀਆਂ ਸਮੇਤ ਮੇਰੇ ਘਰ ਅੰਦਰ ਮੇਰੀ ਪਤਨੀ ਅਤੇ ਬੱਚਿਆਂ ਦੀ ਕੁੱਟਮਾਰ ਕਰਕੇ ਮੇਰੀ ਨਾਬਾਲਗ ਲੜਕੀ ਨੂੰ ਘਰੋਂ ਚੁੱਕ ਕੇ ਲੈ ਗਏ, ਜਿਸ ਦੀ ਸੂਚਨਾ ਬੀਤੀ ਰਾਤ ਹੀ ਪੁਲਿਸ ਨੂੰ ਦੇ ਦਿੱਤੀ ਹੈ।
