ਲੁਧਿਆਣਾ, 18 ਫਰਵਰੀ 2023 – ਲੁਧਿਆਣਾ ਦੇ ਅੰਤਰਰਾਜੀ ਬੱਸ ਸਟੈਂਡ ‘ਤੇ ਦੋ ਨਸ਼ੇੜੀਆਂ ਨੇ ਨੇਪਾਲ ਤੋਂ ਆਏ ਇੱਕ ਯਾਤਰੀ ਤੋਂ ਕਾਲ ਕਰਨ ਲਈ ਮੋਬਾਈਲ ਫੋਨ ਮੰਗਿਆ। ਯਾਤਰੀ ਨੇ ਉਸਨੂੰ ਕਾਲ ਕਰਨ ਲਈ ਫ਼ੋਨ ਦਿੱਤਾ। ਮੋਬਾਈਲ ਹੱਥ ਵਿੱਚ ਆਉਂਦੇ ਹੀ ਬਦਮਾਸ਼ ਫਰਾਰ ਹੋ ਗਏ। ਇਸ ‘ਤੇ ਯਾਤਰੀਆਂ ਨੇ ਬਦਮਾਸ਼ਾਂ ਦਾ ਪਿੱਛਾ ਕਰਨ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਰੌਲਾ ਸੁਣ ਕੇ ਆਸਪਾਸ ਦੇ ਲੋਕਾਂ ਨੇ ਭੱਜੇ ਬਦਮਾਸ਼ਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਕੁਝ ਦੂਰ ਜਾ ਕੇ ਇੱਕ ਲੁਟੇਰੇ ਨੂੰ ਫੜ ਲਿਆ। ਇੱਕ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ। ਬਦਮਾਸ਼ ਨੂੰ ਫੜਨ ਵਾਲੇ ਨੌਜਵਾਨ ਰਾਜੂ ਨੇ ਦੱਸਿਆ ਕਿ ਨਸ਼ੇੜੀਆਂ ਨੇ ਨੇਪਾਲ ਤੋਂ ਆਏ ਸ਼ਾਮ ਨਾਂ ਦੇ ਯਾਤਰੀ ਦਾ ਮੋਬਾਈਲ ਅਤੇ ਪੈਸੇ ਖੋਹ ਲਏ ਸਨ। ਲੋਕਾਂ ਨੇ ਫੜੇ ਗਏ ਨਸ਼ੇੜੀ ਵਿਅਕਤੀ ਦੀ ਜੇਬ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਸਰਿੰਜ (ਟੀਕਾ) ਅਤੇ ਚਿੱਟਾ ਬਰਾਮਦ ਹੋਇਆ ਹੈ।
ਪੀੜਤ ਸ਼ਾਮ ਨੇ ਦੱਸਿਆ ਕਿ ਉਹ ਨੇਪਾਲ ਤੋਂ ਆਇਆ ਹੈ। ਨੌਜਵਾਨ ਨੇ ਉਸ ਨੂੰ ਫੋਨ ਲਾਉਣ ਲਈ ਕਿਹਾ। ਉਸ ਨੇ ਤਰਸ ਖਾ ਕੇ ਉਨ੍ਹਾਂ ਨੂੰ ਫੋਨ ਦੇ ਦਿੱਤਾ। ਇਸ ਦੌਰਾਨ ਬਦਮਾਸ਼ ਉਸ ਦਾ ਫੋਨ ਲੈ ਕੇ ਫਰਾਰ ਹੋ ਗਏ। ਕੁਝ ਦੂਰੀ ‘ਤੇ ਲੋਕਾਂ ਦੀ ਮਦਦ ਨਾਲ ਇਕ ਨੂੰ ਫੜ ਲਿਆ ਗਿਆ। ਥਾਣਾ ਕੋਚਰ ਮਾਰਕੀਟ ਦੇ ਏਐਸਆਈ ਵਰਿੰਦਰ ਸਿੰਘ ਮੌਕੇ ’ਤੇ ਪੁੱਜੇ। ਉਸ ਨੇ ਦੱਸਿਆ ਕਿ ਲੋਕਾਂ ਨੇ ਨਸ਼ੇੜੀ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।