ਅੰਮ੍ਰਿਤਸਰ, 18 ਫਰਵਰੀ 2023 – ਪੁਲਿਸ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਡੀਐਸਪੀ ਅਜਨਾਲਾ ਸੰਜੀਵ ਕੁਮਾਰ ਦੀ ਅਗਵਾਈ ਵਿੱਚ ਗਠਿਤ ਟੀਮਾਂ ਲਗਾਤਾਰ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਜ਼ਿਕਰਯੋਗ ਹੈ ਕਿ ਥਾਣਾ ਅਜਨਾਲਾ ਦੀ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਣੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਨੌਜਵਾਨ ਕੁੱਟਮਾਰ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਵਰਿੰਦਰ ਸਿੰਘ ਵਾਸੀ ਸਲੇਮਪੁਰ ਜ਼ਿਲ੍ਹਾ ਰੂਪਨਗਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਦਮਦਮੀ ਟਕਸਾਲ ਅਜਨਾਲਾ ਵਿੱਚ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਣ ਲਈ ਆਇਆ ਸੀ। ਵਰਿੰਦਰ ਨੇ ਦੱਸਿਆ 15 ਫਰਵਰੀ ਨੂੰ ਦੁਪਹਿਰ ਸਮੇਂ ਉਸ ਨੂੰ ਕਿਸੇ ਦਾ ਫੋਨ ਆਇਆ ਕਿ ਅੰਮ੍ਰਿਤਪਾਲ ਸਿੰਘ ਨਾਲ ਜੋ ਉਸ ਦੇ ਮਤਭੇਦ ਹਨ, ਉਨ੍ਹਾਂ ਸਬੰਧੀ ਵਿਚਾਰ ਕਰਨੀ ਹੈ।
ਉਸ ਨੂੰ ਦਮਦਮੀ ਟਕਸਾਲ ਅਜਨਾਲਾ ਵਿਚ ਮਿਲਣ ਲਈ ਬੁਲਾ ਲਿਆ। ਤਿੰਨ ਅੰਮ੍ਰਿਤਧਾਰੀਆਂ ਨੇ ਸ਼ਿਕਾਇਤਕਰਤਾ ਨੂੰ ਕਾਰ ਵਿੱਚ ਸੁੱਟ ਲਿਆ ਅਤੇ ਕਿਸੇ ਮੋਟਰ ’ਤੇ ਲੈ ਗਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਥੇ ਅੰਮ੍ਰਿਤਪਾਲ ਸਿੰਘ ਨੇ ਗ਼ਲਤ ਸ਼ਬਦਾਵਲੀ ਬੋਲੀ ਅਤੇ ਉਸ ਦੀ ਕੁੱਟਮਾਰ ਕੀਤੀ ਤੇ ਕੁਝ ਦੇਰ ਮਗਰੋਂ ਛੱਡ ਦਿੱਤਾ ਗਿਆ।ਸ਼ਿਕਾਇਤਕਰਤਾ ਦੇ ਸਾਥੀਆਂ ਨੇ ਉਸ ਨੂੰ ਸਿਵਲ ਹਸਪਤਾਲ ਅਜਨਾਲਾ ਦਾਖ਼ਲ ਕਰਵਾਇਆ। ਹਾਲਾਂਕਿ ਇਸ ‘ਤੇ ਅਮ੍ਰਿਤਪਾਲ ਸਿੰਘ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਝੂਠਾ ਪਰਚਾ ਦਰਜ ਕੀਤਾ ਹੈ।
ਵਾਰਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਦੋ ਕਰੀਬੀਆਂ ਨੂੰ ਪੁਲਿਸ ਦੇ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਦਾਅਵਾ ਅੰਮ੍ਰਿਤਪਾਲ ਸਿੰਘ ਨੇ ਖੁਦ ਸੋਸ਼ਲ ਮੀਡੀਆ ‘ਤੇ ਕੀਤਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਸਵੇਰੇ ਉਹਨਾਂ ਦਾ ਜਥੇਬੰਦੀ ਦੇ ਦੋ ਕਰੀਬੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਉਨ੍ਹਾਂ ਕਿਹਾ ਕਿ ਜੋ ਝੂਠਾ ਪਰਚਾ ਦਰਜ ਕਰਵਾਇਆ ਗਿਆ ਹੈ ਉਸ ਮਾਮਲੇ ਵਿੱਚ ਇਹ ਗ੍ਰਿਫ਼ਤਾਰੀ ਕੀਤੀ ਗਈ ਹੈ। ਅੰਮ੍ਰਿਤਪਾਲ ਸਿੰਘ ਨੇ ਦੋਸ਼ ਲਾਇਆ ਕਿ, ਪੁਲਿਸ ਉਨ੍ਹਾਂ ਦੇ ਨਾਲ ਧੱਕਾ ਕਰ ਰਹੀ ਹੈ। ਦੂਜੇ ਪਾਸੇ ਸਥਾਨਕ ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦੇ ਕਰੀਬੀਆਂ ਨੂੰ ਗ੍ਰਿਫਤਾਰ ਕਰਨ ਦੇ ਮੁੱਦੇ ਤੇ ਚੁੱਪ ਵਿਖਾਈ ਦੇ ਰਹੀ ਹੈ।