ਗੁਰਦਸਪੂਰ, 18 ਫਰਵਰੀ 2023 – ਭਾਰਤ-ਪਾਕਿਸਤਾਨ ਸਰਹੱਦ ‘ਤੇ ਤਾਇਨਾਤ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਸ਼ਨੀਵਾਰ ਸਵੇਰੇ ਹੀ ਪਾਕਿਸਤਾਨੀ ਤਸਕਰਾਂ ਦੀ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਪੰਜਾਬ ਦੇ ਗੁਰਦਾਸਪੁਰ ‘ਚ ਪਾਕਿ ਤਸਕਰਾਂ ਨੇ ਪਾਈਪਾਂ ਰਾਹੀਂ ਕੰਡਿਆਲੀ ਤਾਰ ਪਾਰ ਕਰਕੇ ਭਾਰਤੀ ਸਰਹੱਦ ‘ਤੇ ਖੇਪ ਭੇਜਣ ਦੀ ਕੋਸ਼ਿਸ਼ ਕੀਤੀ ਪਰ ਚੌਕਸ ਜਵਾਨਾਂ ਨੇ ਇਸ ਨੂੰ ਨਾਕਾਮ ਕਰ ਦਿੱਤਾ।
ਘਟਨਾ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਬੀਓਪੀ ਡੀਬੀਐਨ ਸ਼ਿਕਾਰ ਦੀ ਹੈ। ਬੀਐਸਐਫ ਦੇ ਜਵਾਨ ਸਵੇਰੇ ਗਸ਼ਤ ’ਤੇ ਸਨ। ਇਸ ਦੌਰਾਨ ਸਵੇਰੇ 5:30 ਵਜੇ ਹਲਕੀ ਧੁੰਦ ਦਰਮਿਆਨ ਜਵਾਨਾਂ ਦੀ ਸਰਹੱਦ ‘ਤੇ ਹਰਕਤ ਦੇਖਣ ਨੂੰ ਮਿਲੀ। ਸਿਪਾਹੀ ਉਸੇ ਸਮੇਂ ਚੌਕਸ ਹੋ ਗਏ ਅਤੇ ਉੱਚੀ-ਉੱਚੀ ਰੌਲਾ ਪਾਇਆ। ਜਿਸ ਤੋਂ ਬਾਅਦ ਪਾਕਿ ਤਸਕਰ ਆਪਣੀ ਸਰਹੱਦ ਵੱਲ ਭੱਜ ਗਏ, ਪਰ ਉਹ ਆਪਣੇ ਨਾਲ ਲਿਆਂਦੀ ਖੇਪ ਨੂੰ ਛੱਡ ਕੇ ਚਲੇ ਗਏ।
ਜਦੋਂ ਜਵਾਨਾਂ ਨੇ ਆਸਪਾਸ ਤਲਾਸ਼ੀ ਲਈ ਤਾਂ 12 ਫੁੱਟ ਲੰਬਾ ਪਾਈਪ ਸੀ। ਜਿਸ ਰਾਹੀਂ ਹੈਰੋਇਨ ਦੀ ਖੇਪ ਲੰਘਾਈ ਜਾ ਰਹੀ ਸੀ। ਖੇਪ ਲੰਬੇ ਕੱਪੜੇ ਵਿੱਚ ਲਪੇਟੀ ਹੋਈ ਸੀ। ਜਦੋਂ ਇਸ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ 20 ਪੈਕੇਟ ਹੈਰੋਇਨ, 2 ਪਿਸਤੌਲ, ਇੱਕ ਤੁਰਕੀ ਦਾ ਬਣਿਆ ਅਤੇ ਦੂਜਾ ਚੀਨ ਦਾ ਬਣਿਆ, 6 ਮੈਗਜ਼ੀਨ, 242 ਰੁਪਏ ਵੀ ਬਰਾਮਦ ਹੋਏ।