ਜਲੰਧਰ, 18 ਫਰਵਰੀ 2023 – ਜਲੰਧਰ ਸ਼ਹਿਰ ਦੇ ਕਿਸ਼ਨਪੁਰਾ ਚੌਕ ਅਤੇ ਲੰਮਾ ਪਿੰਡ ਚੌਰ ਦੇ ਵਿਚਕਾਰ ਪੈਂਦੇ ਸੰਤੋਖਪੁਰਾ ਵਿਖੇ ਦੇਰ ਰਾਤ ਮੋਟਰਸਾਈਕਲ ‘ਤੇ ਮੰਦਰ ਤੋਂ ਘਰ ਜਾ ਰਹੇ ਨਵ-ਵਿਆਹੇ ਜੋੜੇ ਨੂੰ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਲੱਤ ਸਰੀਰ ਤੋਂ ਵੱਖ ਹੋ ਗਈ ਅਤੇ ਹੱਡੀਆਂ ਸੜਕ ‘ਤੇ ਖਿੱਲਰ ਗਈਆਂ।
ਕਾਰ ਚਲਾ ਰਿਹਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਜਦਕਿ ਲੋਕਾਂ ਨੇ ਕਾਰ ‘ਚ ਬੈਠੇ ਦੋ ਹੋਰ ਨੌਜਵਾਨਾਂ ਦੀ ਫੜ ਕੇ ਕੁੱਟਮਾਰ ਕੀਤੀ। ਲੋਕਾਂ ਨੇ ਜ਼ਖਮੀ ਨੌਜਵਾਨ ਅਤੇ ਉਸ ਦੀ ਪਤਨੀ ਨੂੰ ਤੁਰੰਤ ਪਠਾਨਕੋਟ ਰੋਡ ‘ਤੇ ਸਥਿਤ ਇਕ ਨਿੱਜੀ ਹਸਪਤਾਲ ਪਹੁੰਚਾਇਆ। ਮੌਕੇ ’ਤੇ ਪੁੱਜੀ ਪੁਲੀਸ ਕਾਬੂ ਕੀਤੇ ਨੌਜਵਾਨਾਂ ਨੂੰ ਆਪਣੇ ਨਾਲ ਥਾਣੇ ਲੈ ਗਈ।
ਚਸ਼ਮਦੀਦਾਂ ਮੁਤਾਬਕ ਨੌਜਵਾਨ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਸਕੋਡਾ ਕਾਰ ਦੇ ਨਾਲ ਬ੍ਰੇਜ਼ਾ ਗੱਡੀ ਵੀ ਸੀ। ਉਸ ਵਿੱਚ ਕੁੜੀਆਂ ਤੇ ਨੌਜਵਾਨ ਵੀ ਸਨ। ਹਾਦਸੇ ਤੋਂ ਬਾਅਦ ਬਰੇਜ਼ਾ ਗੱਡੀ ‘ਚ ਸਵਾਰ ਨੌਜਵਾਨ ਕਾਰ ਚਲਾ ਰਹੇ ਨੌਜਵਾਨ ਨੂੰ ਭਜਾ ਕੇ ਲੈ ਗਏ। ਲੋਕਾਂ ਨੇ ਦੱਸਿਆ ਕਿ ਬਰੇਜ਼ਾ ਗੱਡੀ ਵਿੱਚ ਸਵਾਰ ਨੌਜਵਾਨਾਂ ਨੇ ਹਾਦਸੇ ਤੋਂ ਬਾਅਦ ਗੁੰਡਾਗਰਦੀ ਦਿਖਾਈ।
ਉਹਨਾਂ ਨੇ ਲੋਕਾਂ ਦੀ ਕੁੱਟਮਾਰ ਵੀ ਕੀਤੀ ਅਤੇ ਪਿਸਤੌਲ ਦਿਖਾ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਹ ਬ੍ਰੇਜ਼ਾ ਗੱਡੀ ਭਜਾ ਕੇ ਲੈ ਗਿਆ। ਜਦੋਂ ਕਿ ਕਾਰ ‘ਚ ਸਵਾਰ ਦੋ ਨੌਜਵਾਨਾਂ ਨੂੰ ਲੋਕਾਂ ਨੇ ਫੜ ਲਿਆ ਅਤੇ ਜ਼ਬਰਦਸਤ ਕੁੱਟਮਾਰ ਕੀਤੀ। ਫੜੇ ਗਏ ਨੌਜਵਾਨ ਤਰਨਤਾਰਨ ਅਤੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਨਾਲ ਸਬੰਧਤ ਹਨ।
ਚਸ਼ਮਦੀਦਾਂ ਨੇ ਦੱਸਿਆ ਕਿ ਡਰਾਈਵਰ ਕਾਰ ਬਹੁਤ ਤੇਜ਼ੀ ਨਾਲ ਚਲਾ ਰਿਹਾ ਸੀ। ਉਹ ਲੰਮਾ ਪਿੰਡ ਤੋਂ ਕਿਸ਼ਨਪੁਰਾ ਵੱਲ ਜਾ ਰਿਹਾ ਸੀ। ਸੰਤੋਖਪੁਰਾ ਨੇੜੇ ਇਕ ਵਾਹਨ ਨੂੰ ਓਵਰਟੇਕ ਕਰਦੇ ਸਮੇਂ ਉਸ ਨੇ ਸਾਹਮਣਿਓਂ ਆ ਰਹੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਟੱਕਰ ਮਾਰਨ ਵਾਲੀ ਗੱਡੀ ਵਿੱਚ ਬੀਅਰ ਅਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ। ਜ਼ਾਹਿਰ ਹੈ ਕਿ ਨੌਜਵਾਨ ਸ਼ਰਾਬ ਦੇ ਨਸ਼ੇ ‘ਚ ਗੱਡੀ ਚਲਾ ਰਿਹਾ ਸੀ।