ਗੁਜਰਾਤ, 19 ਫਰਵਰੀ 2023 – ਗੁਜਰਾਤ ਦੇ ਪਾਲਨਪੁਰ ਵਿੱਚ ਇੱਕ ਕਾਲਜ ਵਿਦਿਆਰਥੀ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਅਗਵਾ ਅਤੇ ਕਤਲ ਦਾ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 4 ਟੀਮਾਂ ਬਣਾਈਆਂ ਹਨ। ਅਗਵਾ ਅਤੇ ਕਤਲ ਦਾ ਕਾਰਨ ਪ੍ਰੇਮ ਸਬੰਧ ਦੱਸਿਆ ਜਾ ਰਿਹਾ ਹੈ।
ਦੂਜੇ ਪਾਸੇ ਮੋਦੀ ਭਾਈਚਾਰੇ ਵੱਲੋਂ ਵੀ ਇਸ ਮਾਮਲੇ ਦੀ ਨਿਆਂਇਕ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਜਦਕਿ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਾਤਲ ਦੀ ਗ੍ਰਿਫ਼ਤਾਰੀ ਤੱਕ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਬਨਾਸਕਾਂਠਾ ਜ਼ਿਲ੍ਹਾ ਪੁਲਿਸ ਮੁਖੀ ਅਕਸ਼ੈਰਾਜ ਮਕਵਾਨਾ ਨੇ ਦੱਸਿਆ ਕਿ ਪਾਲਨਪੁਰ ਦੇ ਆਦਰਸ਼ ਸੰਕੁਲ ਵਿੱਚ ਪੜ੍ਹਦੇ ਆਰੀਅਨ ਮੋਦੀ ਦੇ ਇੱਕ ਵਿਦਿਆਰਥਣ ਨਾਲ ਪ੍ਰੇਮ ਸਬੰਧ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਸ਼ਾਮ ਨੂੰ ਕੁਝ ਲੋਕਾਂ ਨੇ ਆਰੀਅਨ ਨੂੰ ਕਾਰ ਤੋਂ ਅਗਵਾ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੂੰ ਅਣਪਛਾਤੀ ਜਗ੍ਹਾ ‘ਤੇ ਲਿਜਾਇਆ ਗਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ। ਮੁਲਜ਼ਮ ਜ਼ਖ਼ਮੀ ਆਰੀਅਨ ਨੂੰ ਰਸਤੇ ਵਿੱਚ ਸੁੱਟ ਕੇ ਫਰਾਰ ਹੋ ਗਏ। ਰਾਹਗੀਰਾਂ ਨੇ ਉਸ ਨੂੰ 108 ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਦਾਖਲ ਕਰਵਾਇਆ, ਜਿੱਥੇ ਇਲਾਜ ਦੌਰਾਨ ਰਾਤ ਸਮੇਂ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਵਿੱਚ ਬਨਾਸਕਾਂਠਾ ਪੁਲਿਸ ਨੇ ਅਗਵਾ ਅਤੇ ਕਤਲ ਦਾ ਮਾਮਲਾ ਦਰਜ ਕੀਤਾ ਹੈ। ਅਣਪਛਾਤੇ ਫ਼ਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ 4 ਵੱਖ-ਵੱਖ ਟੀਮਾਂ ਬਣਾ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਆਰੀਅਨ ਦੇ ਪਰਿਵਾਰ ਅਤੇ ਮੋਦੀ ਸਮਾਜ ਦੇ ਲੋਕਾਂ ਨੇ ਐਸਪੀ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ।