ਬਰਨਾਲਾ, 18 ਫਰਵਰੀ 2023 – ਬਰਨਾਲਾ ਪੁਲਿਸ ਨੇ 9 ਨਜਾਇਜ਼ ਹਥਿਆਰਾਂ ਸਮੇਤ 10 ਨੌਜਵਾਨ ਕਾਬੂ ‘ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ।
ਬਰਨਾਲਾ ਦੇ ਐਸਪੀਡੀ ਰਮਨੀਸ਼ ਚੌਧਰੀ, ਡੀਐਸਪੀ ਮਾਨਵਜੀਤ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ ਨੇ 10 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਕੋਲੋਂ 9 ਨਜਾਇਜ਼ ਹਥਿਆਰ ਬਰਾਮਦ ਹੋਏ ਹਨ। ਇਸ ਵਿੱਚ ਛੇ ਬਾਰਾਂ ਬੋਰ, ਤਿੰਨ 32 ਬੋਰ ਪਿਸਤੌਲ (2 ਪਿਸਤੌਲ, 1 ਰਿਵਾਲਵਰ) ਅਤੇ 35 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇਨ੍ਹਾਂ ਮੁਲਜ਼ਮਾਂ ਕੋਲੋਂ ਦੋ ਸਕਾਰਪੀਓ ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਲੁੱਟ-ਖੋਹ, ਨਸ਼ਾ, ਅਸਲਾ ਐਕਟ ਅਤੇ ਕਤਲ ਵਰਗੇ ਗੰਭੀਰ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਿੱਚੋਂ ਇੱਕ ਸਤਨਾਮ ਸਿੰਘ ਦਾ ਸਬੰਧ ਗੈਂਗਸਟਰ ਕੁਲਬੀਰ ਸਿੰਘ ਨਰੂਆਣਾ ਅਤੇ ਅਜੀਤ ਸਿੰਘ ਗੈਂਗਸਟਰ ਗੈਂਗ ਨਾਲ ਹੈ ਅਤੇ ਉਹ ਵੀ ਇੱਕ ਕੇਸ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਨ੍ਹਾਂ ਨੂੰ ਕਾਬੂ ਕਰਕੇ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਸ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।