ਨਵੀਂ ਦਿੱਲੀ, 19 ਫਰਵਰੀ 2023 – ਟੀਮ ਇੰਡੀਆ ਨੇ ਲਗਾਤਾਰ ਚੌਥੀ ਵਾਰ ਬਾਰਡਰ-ਗਾਵਸਕਰ ਟਰਾਫੀ ਆਪਣੇ ਨਾਮ ਕਰ ਲਈ ਹੈ। ਭਾਰਤ ਨੇ ਦਿੱਲੀ ਟੈਸਟ ਦੇ ਤੀਜੇ ਦਿਨ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾ ਕੇ ਸੀਰੀਜ਼ ‘ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਭਾਰਤ ਦੀ ਇਸ ਜਿੱਤ ਦੇ ਹੀਰੋ ਰਵਿੰਦਰ ਜਡੇਜਾ ਰਹੇ ਹਨ। ਉਸ ਨੇ ਆਸਟਰੇਲੀਆ ਦੀ ਦੂਜੀ ਪਾਰੀ ਵਿੱਚ 42 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਇਸ ਕਾਰਨ ਕੰਗਾਰੂ ਟੀਮ ਸਿਰਫ਼ 113 ਦੌੜਾਂ ਦੇ ਸਕੋਰ ‘ਤੇ ਸਿਮਟ ਗਈ। ਭਾਰਤ ਨੂੰ ਜਿੱਤ ਲਈ 115 ਦੌੜਾਂ ਦਾ ਟੀਚਾ ਦਿੱਤਾ ਗਿਆ ਸੀ ਕਿਉਂਕਿ ਮਹਿਮਾਨ ਟੀਮ ਨੂੰ ਪਹਿਲੀ ਪਾਰੀ ਵਿੱਚ ਇੱਕ ਦੌੜਾਂ ਦੀ ਬੜ੍ਹਤ ਮਿਲੀ ਸੀ। ਜਿਸ ਨੂੰ ਸਾਡੀ ਟੀਮ ਨੇ 4 ਵਿਕਟਾਂ ਗੁਆ ਕੇ ਹਾਸਲ ਕੀਤਾ। ਚੇਤੇਸ਼ਵਰ ਪੁਜਾਰਾ ਅਤੇ ਕਪਤਾਨ ਰੋਹਿਤ ਸ਼ਰਮਾ ਨੇ 31-31 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 20 ਦੌੜਾਂ ਦੀ ਪਾਰੀ ਖੇਡੀ।
ਕੰਗਾਰੂ ਟੀਮ ਦੂਜੀ ਪਾਰੀ ‘ਚ 113 ਦੌੜਾਂ ‘ਤੇ ਆਲ ਆਊਟ ਹੋ ਗਈਸੀ। ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ, ਜਦਕਿ ਮਾਰਨਸ ਲਾਬੂਸ਼ੇਨ 43 ਦੌੜਾਂ ਬਣਾ ਕੇ ਆਊਟ ਹੋ ਗਿਆ। ਟੀਮ ਦੇ 8 ਬੱਲੇਬਾਜ਼ ਦੋਹਰਾ ਅੰਕੜਾ ਪਾਰ ਨਹੀਂ ਕਰ ਸਕੇ। ਭਾਰਤ ਵੱਲੋਂ ਰਵਿੰਦਰ ਜਡੇਜਾ ਨੇ 7 ਵਿਕਟਾਂ ਲਈਆਂ। ਜਡੇਜਾ ਨੇ ਇਸ ਸੀਰੀਜ਼ ‘ਚ ਦੂਜੀ ਵਾਰ 5 ਜਾਂ ਇਸ ਤੋਂ ਵੱਧ ਵਿਕਟਾਂ ਲਈਆਂ ਹਨ। ਰਵੀਚੰਦਰਨ ਅਸ਼ਵਿਨ ਨੂੰ ਵੀ ਤਿੰਨ ਸਫਲਤਾਵਾਂ ਮਿਲੀਆਂ। ਆਸਟ੍ਰੇਲੀਆ ਨੇ ਪਹਿਲੀ ਪਾਰੀ ‘ਚ 263 ਦੌੜਾਂ ਬਣਾਈਆਂ, ਜਦਕਿ ਭਾਰਤੀ ਟੀਮ 262 ਦੌੜਾਂ ‘ਤੇ ਆਲ ਆਊਟ ਹੋ ਗਈ। ਮਹਿਮਾਨ ਟੀਮ ਨੂੰ ਪਹਿਲੀ ਪਾਰੀ ‘ਤੇ 1 ਦੌੜਾਂ ਦੀ ਬੜ੍ਹਤ ਮਿਲੀ ਸੀ।
ਇਸ ਸੀਰੀਜ਼ ‘ਚ ਅਜੇ ਦੋ ਟੈਸਟ ਮੈਚ ਬਾਕੀ ਹਨ ਅਤੇ ਆਸਟ੍ਰੇਲੀਆ ਦੋਵਾਂ ਨੂੰ ਜਿੱਤ ਕੇ 2-2 ਦੀ ਬਰਾਬਰੀ ਕਰ ਸਕਦਾ ਹੈ। ਅਜਿਹੇ ‘ਚ ਤੁਸੀਂ ਪੁੱਛ ਸਕਦੇ ਹੋ ਕਿ ਦੋ ਮੈਚ ਜਿੱਤ ਕੇ ਹੀ ਟਰਾਫੀ ਭਾਰਤ ਦੇ ਨਾਂ ਕਿਵੇਂ ਹੋ ਗਈ। ਇਸ ਦਾ ਜਵਾਬ ਹੈ ਕਿ ਪਿਛਲੀ ਬਾਰਡਰ ਗਾਵਸਕਰ ਟਰਾਫੀ ਭਾਰਤ ਨੇ ਜਿੱਤੀ ਸੀ। ਜਦੋਂ ਦੋ ਟੀਮਾਂ ਵਿਚਾਲੇ ਟੈਸਟ ਸੀਰੀਜ਼ ਟਰਾਫੀ ਲਈ ਹੁੰਦੀ ਹੈ, ਤਾਂ ਸੀਰੀਜ਼ ਡਰਾਅ ਹੋਣ ‘ਤੇ ਵੀ ਟਰਾਫੀ ਉਸ ਟੀਮ ਨੂੰ ਜਾਂਦੀ ਹੈ ਜਿਸ ਨੇ ਪਿਛਲੀ ਵਾਰ ਇਸ ‘ਤੇ ਕਬਜ਼ਾ ਕੀਤਾ ਸੀ। ਐਸ਼ੇਜ਼ ਸੀਰੀਜ਼ ਵਿੱਚ ਵੀ ਅਜਿਹਾ ਹੀ ਹੁੰਦਾ ਹੈ।