ਮੋਹਾਲੀ, 21 ਫਰਵਰੀ 2023 – ਸੋਮਵਾਰ ਸ਼ਾਮ ਕਰੀਬ 5 ਵਜੇ ਫੇਜ਼-4 ਸਥਿਤ ਮਦਨਪੁਰਾ ਚੌਕ ‘ਤੇ ਕਾਲਜ ਬੱਸ ਬੇਕਾਬੂ ਹੋ ਕੇ ਦੂਜੇ ਵਾਹਨਾਂ ਨਾਲ ਟਕਰਾ ਗਈ। ਬੱਸ ਚਾਲਕ ਨੇ ਫੇਜ਼-5 ਤੋਂ ਚੰਡੀਗੜ੍ਹ ਵੱਲ ਜਾ ਰਹੀ ਚੰਡੀਗੜ੍ਹ ਨੰਬਰ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਬੱਸ ਡਰਾਈਵਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਵਾਪਰਿਆ। ਸ਼ੁਕਰ ਹੈ ਕਿ ਕਾਰ ਚਾਲਕ ਨੂੰ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਪਰ ਕਾਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਦੋਆਬਾ ਕਾਲਜ ਦਾ ਬੱਸ ਡਰਾਈਵਰ ਰੋਜ਼ਾਨਾ ਦੀ ਤਰ੍ਹਾਂ ਬੱਸ ਵਿੱਚ ਕਾਲਜ ਸਟਾਫ਼ ਨਾਲ ਮੋਹਾਲੀ ਆ ਰਿਹਾ ਸੀ। ਉਸ ਨੇ ਮਦਨਪੁਰਾ ਚੌਕ ਨੇੜੇ ਇਕ ਹੀ ਲੇਡੀ ਸਟਾਫ਼ ਨੂੰ ਉਤਾਰਨਾ ਸੀ। ਇਸ ਦੌਰਾਨ ਬੱਸ ਡਰਾਈਵਰ ਨੂੰ ਜ਼ੋਰਦਾਰ ਦਿਲ ਦਾ ਦੌਰਾ ਪਿਆ। ਇਸ ਕਾਰਨ ਬੱਸ ਬੇਕਾਬੂ ਹੋ ਕੇ ਚੌਕ ਨੇੜਿਓਂ ਲੰਘ ਰਹੀ ਇਕ ਕਾਰ ਨਾਲ ਟਕਰਾ ਗਈ। ਇਸ ਕਾਰਨ ਕਾਰ ਦਾ ਪਿਛਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਚੌਕ ’ਤੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਚੌਕ ’ਚ ਆਉਣ ਤੋਂ ਪਹਿਲਾਂ ਬੱਸ ਚਾਲਕ ਬੱਸ ’ਚੋਂ ਹੱਥ ਕੱਢ ਕੇ ਲੋਕਾਂ ਨੂੰ ਸੜਕ ’ਤੇ ਬਸ ਅੱਗਿਓਂ ਪਰੇ ਹੋਣ ਲਈ ਕਹਿ ਰਿਹਾ ਸੀ, ਇਸੇ ਦੌਰਾਨ ਬੱਸ ਦੀ ਕਾਰ ਨਾਲ ਟੱਕਰ ਹੋ ਗਈ। ਬੱਸ ਵਿੱਚ ਸਵਾਰ ਜੋਤੀ ਸ਼ਰਮਾ ਨੇ ਦੱਸਿਆ ਕਿ ਉਸ ਨੇ ਫੇਜ਼ ਚਾਰ ਤੋਂ ਅੱਗੇ ਉਤਰਨਾ ਸੀ ਪਰ ਅਚਾਨਕ ਬੱਸ ਡਰਾਈਵਰ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਤੋਂ ਕੁਝ ਸਮਾਂ ਪਹਿਲਾਂ ਬੱਸ ਤੋਂ ਹੇਠਾਂ ਉਤਰੀ ਕਿਰਨਜੀਤ ਕੌਰ ਨੇ ਦੱਸਿਆ ਕਿ ਬੱਸ ਤੋਂ ਉਤਰਨ ਤੋਂ ਕੁਝ ਦੇਰ ਬਾਅਦ ਹੀ ਉਸ ਨੂੰ ਜੋਤੀ ਦਾ ਫੋਨ ਆਇਆ ਕਿ ਡਰਾਈਵਰ ਨੂੰ ਅਟੈਕ ਹੋ ਗਿਆ ਹੈ ਅਤੇ ਬੱਸ ਹਾਦਸਾਗ੍ਰਸਤ ਹੋ ਗਈ ਹੈ।
ਘਟਨਾ ਤੋਂ ਬਾਅਦ ਪੀਸੀਆਰ ਮੌਕੇ ‘ਤੇ ਪਹੁੰਚੀ ਅਤੇ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ। ਘਟਨਾ ਤੋਂ ਬਾਅਦ ਮਦਨਪੁਰਾ ਚੌਕ ਵਿਖੇ ਜਾਮ ਦੀ ਸਥਿਤੀ ਪੈਦਾ ਹੋ ਗਈ। ਪੁਲੀਸ ਨੇ ਹਾਦਸਾਗ੍ਰਸਤ ਵਾਹਨਾਂ ਨੂੰ ਚੌਕ ਵਿੱਚੋਂ ਹਟਾ ਕੇ ਜਾਮ ਵਿੱਚ ਫਸੇ ਵਾਹਨਾਂ ਨੂੰ ਲੰਗਾਇਆ।