ਲੁਧਿਆਣਾ, 23 ਫਰਵਰੀ 2023 – ਲੁਧਿਆਣਾ ਵਿੱਚ ਪੁਲਿਸ ਨੇ ਅੰਤਰਰਾਜੀ ਵਾਹਨ ਚੋਰ ਗਿਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮ ਚੋਰੀ ਦੀਆਂ ਗੱਡੀਆਂ ਮੋਗਾ ਦੇ ਇੱਕ ਸਕਰੈਪ ਡੀਲਰ ਨੂੰ ਵੇਚਦੇ ਸਨ। ਮੁਲਜ਼ਮ ਗੁਰਦੁਆਰਿਆਂ ਦੀਆਂ ਪਾਰਕਿੰਗਾਂ ਵਿੱਚੋਂ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ।
ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 5 ਐਸਯੂਵੀ, 2 ਕਾਰਾਂ ਅਤੇ 7 ਮੋਟਰਸਾਈਕਲਾਂ ਸਮੇਤ 14 ਚੋਰੀ ਦੇ ਵਾਹਨ ਬਰਾਮਦ ਕੀਤੇ ਹਨ। ਮੁਲਜ਼ਮਾਂ ਨੇ ਪਿਛਲੇ ਡੇਢ ਮਹੀਨੇ ਦੌਰਾਨ ਮੋਗਾ, ਲੁਧਿਆਣਾ, ਤਰਨਤਾਰਨ, ਮੋਹਾਲੀ ਅਤੇ ਅੰਮ੍ਰਿਤਸਰ ਤੋਂ ਵਾਹਨ ਚੋਰੀ ਕੀਤੇ ਹਨ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ (22), ਹਰਵਿੰਦਰ ਸਿੰਘ (19), ਗੁਰਦਿੱਤ ਸਿੰਘ (21) ਸਾਰੇ ਵਾਸੀ ਮੋਗਾ ਵਜੋਂ ਹੋਈ ਹੈ। ਮੁਲਜ਼ਮ ਸਕਰੈਪ ਡੀਲਰ ਜਸਪ੍ਰੀਤ ਸਿੰਘ ਵਾਸੀ ਮੋਗਾ ਨੂੰ ਗੱਡੀਆਂ ਵੇਚਦਾ ਸੀ। ਹੁਣ ਤੱਕ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹੰਬੜਾ ਰੋਡ, ਇਯਾਲੀ ਚੌਕ ਦੇ ਰਾਜੀਵ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਘਰ ਦੇ ਬਾਹਰੋਂ ਉਸ ਦੀ ਮਹਿੰਦਰਾ ਸਕਾਰਪੀਓ ਐਸਯੂਵੀ ਚੋਰੀ ਹੋ ਗਈ ਹੈ। ਪੀਏਯੂ ਪੁਲੀਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਸੀ।

ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਅਰਸ਼ਦੀਪ ਸਿੰਘ ਗਰੋਹ ਦਾ ਸਰਗਨਾ ਹੈ। ਮੁਲਜ਼ਮ ਨੇ ਕਬੂਲ ਕੀਤਾ ਕਿ ਉਸ ਨੇ ਚੋਰੀ ਦੀ ਕਾਰ ਮੋਗਾ ਦੇ ਸਕਰੈਪ ਡੀਲਰ ਜਸਪ੍ਰੀਤ ਸਿੰਘ ਨੂੰ ਵੇਚੀ ਸੀ, ਜਿਸ ਤੋਂ ਬਾਅਦ ਪੁਲੀਸ ਨੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲੀਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਗੁਰਦੁਆਰਿਆਂ ਦੀਆਂ ਪਾਰਕਿੰਗਾਂ ਵਿੱਚ ਖੜ੍ਹੇ ਵਾਹਨਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਸ਼ਰਧਾਲੂ ਵਾਹਨਾਂ ਦੇ ਡੈਸ਼ਬੋਰਡ ‘ਤੇ ਪਾਰਕਿੰਗ ਸਲਿਪ ਰੱਖਦੇ ਸਨ। ਉਹ ਡੁਪਲੀਕੇਟ ਚਾਬੀਆਂ ਨਾਲ ਵਾਹਨਾਂ ਦੇ ਤਾਲੇ ਖੋਲ੍ਹਦੇ ਸਨ।
ਇਸ ਗਿਰੋਹ ਨੇ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਾਰਕਿੰਗ ਤੋਂ 4 ਵਾਹਨ ਚੋਰੀ ਕਰਨ ਦੀ ਗੱਲ ਕਬੂਲੀ ਹੈ। ਮੁਲਜ਼ਮ ਅਰਸ਼ਦੀਪ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਹੈ, ਜਦਕਿ ਬਾਕੀ ਮੁਲਜ਼ਮ ਅੱਧ ਵਿਚਾਲੇ ਹੀ ਪੜ੍ਹਾਈ ਛੱਡ ਗਏ ਹਨ। ਮੁਲਜ਼ਮ ਰਾਤੋ-ਰਾਤ ਅਮੀਰ ਬਣਨ ਲਈ ਵਾਹਨ ਚੋਰੀ ਕਰਦੇ ਸਨ।
ਪਹਿਲਾਂ ਮਹਿੰਦਰਾ ਸਕਾਰਪੀਓ ਚੋਰੀ ਕੀਤੀ
ਅਰਸ਼ਦੀਪ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ 1 ਜਨਵਰੀ ਨੂੰ ਉਸ ਨੇ ਮਹਿੰਦਰਾ ਸਕਾਰਪੀਓ ਕਾਰ ਨੂੰ ਖੋਲ੍ਹਣ ਲਈ ਆਪਣੇ ਸਾਈਕਲ ਦੀ ਚਾਬੀ ਦੀ ਵਰਤੋਂ ਕੀਤੀ ਅਤੇ ਉਸ ਦਾ ਤਾਲਾ ਖੋਲ੍ਹਣ ਵਿੱਚ ਕਾਮਯਾਬ ਹੋ ਗਿਆ। ਇਸ ਤੋਂ ਬਾਅਦ ਉਸ ਨੇ ਇੱਕ ਗਰੋਹ ਬਣਾ ਲਿਆ ਅਤੇ ਵਾਹਨ ਚੋਰੀ ਕਰਨ ਲੱਗੇ। ਪੁੱਛਗਿੱਛ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਅਹਿਮ ਜਾਣਕਾਰੀਆਂ ਮਿਲਣ ਦੀ ਉਮੀਦ ਹੈ।
