- ਅਜਨਾਲਾ ਥਾਣੇ ਦੇ ਅੰਦਰ ਅਤੇ ਬਾਹਰ ਵੱਡੀ ਗਿਣਤੀ ’ਚ ਭਾਈ ਅੰਮ੍ਰਿਤਪਾਲ ਦੇ ਸਮਰਥਕ ਮੌਜੂਦ
- ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਤੂਫਾਨ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਸਮਰਥਕਾਂ ਨੇ ਕੀਤਾ ਹੰਗਾਮਾ
- ਤੂਫਾਨ ਤੇ ਇਕ ਹੋਰ ਸਾਥੀ ਨੂੰ ਜਲਦ ਤੋਂ ਜਲਦ ਰਿਹਾਅ ਕਰਨ ਦੀ ਕੀਤੀ ਜਾ ਰਹੀ ਹੈ ਮੰਗ
ਅੰਮ੍ਰਿਤਸਰ, 23 ਫਰਵਰੀ 2023 – ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਸਾਥੀ ਤੂਫਾਨ ਸਿੰਘ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਉਨ੍ਹਾਂ ਦੇ ਸਮਰਥਕ ਸੜਕਾਂ ’ਤੇ ਉਤਰ ਆਏ ਹਨ। ਗੁੱਸੇ ਵਿੱਚ ਆਏ ਹਜ਼ਾਰਾਂ ਲੋਕਾਂ ਨੇ ਬੰਦੂਕਾਂ, ਤਲਵਾਰਾਂ ਅਤੇ ਲਾਠੀਆਂ ਨਾਲ ਥਾਣੇ ਦਾ ਘਿਰਾਓ ਕੀਤਾ ਹੈ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਾਏ ਤਾਂ ਉਹ ਉਸ ਨੂੰ ਤੋੜ ਕੇ ਥਾਣੇ ਅੰਦਰ ਦਾਖ਼ਲ ਹੋ ਗਏ। ਮੌਕੇ ‘ਤੇ ਹੰਗਾਮਾ ਜਾਰੀ ਹੈ।
ਇਸ ਮੌਕੇ ਭਾਈ ਅਮ੍ਰਿਤਪਾਲ ਸਿੰਘ ਵੀ ਪਹੁੰਚੇ ਹਨ। ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਸਮਰਥਕਾਂ ਨੂੰ ਸ਼ਾਂਤ ਕਰਵਾਉਂਦੇ ਹੋਏ ਵੀ ਨਜ਼ਰ ਆਏ। ਮਿਲੀ ਜਾਣਕਾਰੀ ਮੁਤਾਬਿਕ ਥਾਣੇ ਦੇ ਅੰਦਰ ਭਾਈ ਅੰਮ੍ਰਿਤਪਾਲ ਦੇ ਨਾਲ ਬੈਠਕ ਕੀਤੀ ਜਾ ਰਹੀ ਹੈ। ਮੌਕੇ ’ਤੇ ਅਜਨਾਲਾ ਦੇ ਐਸਪੀ ਵੀ ਪਹੁੰਚ ਚੁੱਕੇ ਹਨ।
ਅੰਮ੍ਰਿਤਪਾਲ ਨੇ ਵੀਰਵਾਰ ਸਵੇਰੇ 11 ਵਜੇ ਆਪਣੇ ਸਮਰਥਕਾਂ ਨੂੰ ਅਜਨਾਲਾ ਪਹੁੰਚਣ ਲਈ ਕਿਹਾ ਸੀ। ਇਸ ਤੋਂ ਬਾਅਦ ਇੱਥੇ ਭੀੜ ਇਕੱਠੀ ਹੋ ਗਈ। ਸਥਿਤੀ ਦੀ ਗੰਭੀਰਤਾ ਨੂੰ ਸਮਝਦਿਆਂ ਪੁਲਿਸ ਵੀ ਸਰਗਰਮ ਹੋ ਗਈ ਅਤੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਅੰਮ੍ਰਿਤਪਾਲ ਦੇ ਸਮਰਥਕਾਂ ਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਇਸ ਨਾਲ ਮਾਹੌਲ ਗਰਮ ਹੋ ਗਿਆ।

ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਚ ਅੰਮ੍ਰਿਤਪਾਲ, ਉਸ ਦੇ ਸਾਥੀ ਤੂਫਾਨ ਸਿੰਘ ਸਮੇਤ ਕੁੱਲ 30 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਸੋਸ਼ਲ ਮੀਡੀਆ ‘ਤੇ ਅੰਮ੍ਰਿਤਪਾਲ ਖਿਲਾਫ ਟਿੱਪਣੀ ਕਰਨ ਵਾਲੇ ਨੌਜਵਾਨ ਨੂੰ ਅਗਵਾ ਕਰਨ ਤੋਂ ਬਾਅਦ ਇਨ੍ਹਾਂ ਲੋਕਾਂ ਨੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਮਾਮਲੇ ਵਿੱਚ ਪੁਲੀਸ ਨੇ ਤੂਫਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਕਾਰਨ ਅੰਮ੍ਰਿਤਪਾਲ ਗੁੱਸੇ ‘ਚ ਆ ਗਿਆ ਅਤੇ ਉਸ ਨੇ ਵੀਰਵਾਰ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਧਰਨਾ ਦਿੰਦੇ ਹੋਏ ਗ੍ਰਿਫਤਾਰੀ ਦਾ ਐਲਾਨ ਕਰ ਦਿੱਤਾ ਸੀ।
