ਲੁਧਿਆਣਾ, 25 ਫਰਵਰੀ 2023 – ਉੱਤਰੀ ਰੇਲਵੇ ਦੇ ਫ਼ਿਰੋਜ਼ਪੁਰ ਡਵੀਜ਼ਨ ਦੀ ਸੀਆਈਬੀ ਟੀਮ ਨੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਤਤਕਾਲ ਟਿਕਟਾਂ ਦੀ ਬਲੈਕ ਕਰਦੇ ਸਨ। ਫੜੇ ਗਏ ਮੁਲਜ਼ਮਾਂ ਵਿੱਚ ਦੋ ਰੇਲਵੇ ਮੁਲਾਜ਼ਮ ਅਤੇ ਇੱਕ ਦੁਕਾਨਦਾਰ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਦੀ ਸੈਟਿੰਗ ਰੇਲਵੇ ਕਰਮਚਾਰੀਆਂ ਨਾਲ ਸੀ, ਜੋ ਉਸ ਨੂੰ ਤਤਕਾਲ ਟਿਕਟਾਂ ਲਿਆਉਂਦੇ ਸਨ।
ਫੜੇ ਗਏ ਰੇਲਵੇ ਮੁਲਾਜ਼ਮਾਂ ਦੀ ਪਛਾਣ ਪ੍ਰਕਾਸ਼ ਕੁਮਾਰ ਯਾਦਵ (48) ਵਾਸੀ ਰੇਲਵੇ ਕਲੋਨੀ ਅਤੇ ਮੁਕੇਸ਼ (31) ਵਜੋਂ ਹੋਈ ਹੈ। ਤੀਜਾ ਮੁਲਜ਼ਮ ਜਸਪਾਲ ਸਿੰਘ ਹੈ ਜੋ ਦੁਕਾਨਦਾਰ ਹੈ। ਸੀਆਈਬੀ ਟੀਮ ਨੂੰ ਪਹਿਲਾਂ ਹੀ ਗੁਪਤ ਸੂਚਨਾ ਸੀ ਕਿ ਦੋਵੇਂ ਰੇਲਵੇ ਮੁਲਾਜ਼ਮ ਟਿਕਟਾਂ ਬਲੈਕ ਕਰਨ ਦਾ ਨਾਜਾਇਜ਼ ਕੰਮ ਕਰ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਰੇਲਵੇ ਕਰਮਚਾਰੀ ਤਤਕਾਲ ਟਿਕਟਾਂ ਲੈਣ ਲਈ ਸਵੇਰੇ-ਸਵੇਰੇ ਰਿਜ਼ਰਵੇਸ਼ਨ ਸੈਂਟਰ ਪਹੁੰਚ ਜਾਂਦੇ ਸਨ। ਹਰ ਰੋਜ਼ ਉਹ ਇਕ-ਇਕ ਕਰਕੇ ਟਿਕਟਾਂ ਕਢਵਾਉਣ ਲਈ ਜਾਂਦੇ ਸੀ। ਹਰ ਵਾਰ ਕਿਸੇ ਅਫਸਰ ਦਾ ਨਾਂ ਲਿਆ ਜਾਂਦਾ ਸੀ ਕਿ ਸਾਹਿਬ ਦੇ ਰਿਸ਼ਤੇਦਾਰਾਂ ਦੀਆਂ ਟਿਕਟਾਂ ਸਨ।
ਦੱਸਿਆ ਜਾ ਰਿਹਾ ਹੈ ਕਿ ਪ੍ਰਤੀ ਟਿਕਟ 500 ਰੁਪਏ ਵਾਧੂ ਵਸੂਲਦੇ ਸਨ। ਦੁਕਾਨਦਾਰ ਤੋਂ ਦੋ ਟਿਕਟਾਂ ਪ੍ਰਾਪਤ ਕੀਤੀਆਂ ਗਈਆਂ ਹਨ। ਜਿਸ ਦੀ ਕੀਮਤ 5940 ਅਤੇ 2410 ਰੁਪਏ ਹੈ। ਮੁਲਜ਼ਮਾਂ ਨੂੰ ਹੁਣ ਗ੍ਰਿਫਤਾਰੀ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।