ਗੋਇਦਵਾਲ ਸਾਹਿਬ, 26 ਫਰਵਰੀ 2023 – ਗੋਇਦਵਾਲ ਸਾਹਿਬ ਜੇਲ੍ਹ ‘ਚ ਗੈਂਗਸਟਰਾਂ ਦੀ ਆਪਸ ‘ਚ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ। ਜਿਸ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਮਨਦੀਪ ਸਿੰਘ ਤੂਫ਼ਾਨ ਵਾਸੀ ਰਾਏ ਦੀ ਗੋਇਦਵਾਲ ਸਾਹਿਬ ਜੇਲ੍ਹ ਵਿੱਚ ਝੜਪ ਦੌਰਾਨ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕੇਸ਼ਵ ਵਾਸੀ ਬਠਿੰਡਾ ਅਤੇ ਮਨਮੋਹਨ ਸਿੰਘ ਮੋਹਣਾ ਵਾਸੀ ਬੁਢਲਾਡਾ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਮਨਮੋਹਨ ਸਿੰਘ ਮੋਹਣਾ ਦੀ ਵੀ ਮੌਤ ਹੋ ਗਈ ਹੈ।
ਗੋਇੰਦਵਾਲ ਜੇਲ੍ਹ ਵਿੱਚ ਸ਼ਨੀਵਾਰ ਨੂੰ ਇੱਥੇ ਗੈਂਗ ਵਾਰ ਹੋਇਆ ਸੀ। ਜਿਸ ਵਿੱਚ ਮਨਦੀਪ ਸਿੰਘ ਤੂਫਾਨ ਅਤੇ ਮਨਮੋਹਨ ਸਿੰਘ ਮੋਹਣਾ ਦੀ ਮੌਤ ਹੋ ਗਈ, ਜਦਕਿ ਕੇਸ਼ਵ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤਿੰਨਾਂ ਦੇ ਸਿਰ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤੇ ਗਏ। ਤਰਨਤਾਰਨ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ.ਜਗਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿੱਚੋਂ ਲਿਆਂਦੇ ਗਏ ਤਿੰਨ ਜ਼ਖ਼ਮੀਆਂ ਵਿੱਚੋਂ ਦੋ ਦੀ ਮੌਤ ਹੋ ਚੁੱਕੀ ਹੈ ਜਦਕਿ ਤੀਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਗੈਂਗਸਟਰ ਮਨਦੀਪ ਸਿੰਘ ਤੂਫਾਨ ਦੀ ਜੇਲ ‘ਚ ਮਾਮੂਲੀ ਗੱਲ ਨੂੰ ਲੈ ਕੇ ਹਵਾਲਾਤੀਆਂ ਨਾਲ ਝਗੜਾ ਹੋ ਗਿਆ ਸੀ, ਜਿਸ ਤੋਂ ਬਾਅਦ ਹਵਾਲਾਤੀਆਂ ਨੇ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ‘ਚ 3 ਤੋਂ 4 ਜ਼ਖਮੀ ਹੋਏ ਹਨ। ਗੈਂਗਸਟਰ ਮਨਦੀਪ ਤੂਫਾਨ ਜੱਗੂ ਭਗਵਾਨਪੁਰੀਆ ਗੈਂਗ ਦਾ ਮੈਂਬਰ ਹੈ।

