ਅੰਮ੍ਰਿਤਸਰ, 28 ਫਰਵਰੀ 2023 – ਥਾਣਾ ਗੇਟ ਹਕੀਮਾਂ ਅਧੀਨ ਆਉਂਦੀ ਵਰਿਆਮ ਸਿੰਘ ਕਲੋਨੀ ਵਿੱਚ ਬਾਈਕ ਲਗਾਉਣ ਨੂੰ ਲੈ ਕੇ ਹੋਏ ਝਗੜੇ ਵਿੱਚ ਸ਼ਨੀਵਾਰ ਦੇਰ ਰਾਤ ਬਲਵਿੰਦਰ ਸਿੰਘ ਬੱਲੂ ਨਾਮਕ ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਬਚਾਅ ਕਰਨ ਆਏ ਗੁਆਂਢੀ ਅਸ਼ਵਨੀ ਕੁਮਾਰ ਨੂੰ ਵੀ ਮੁਲਜ਼ਮਾਂ ਨੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਇੰਸਪੈਕਟਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਸੁਖਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਗੇਟ ਹਕੀਮਾਂ ਦੀ ਪੁਲਸ ਨੇ ਪ੍ਰਥਮ, ਗੁਰਦੀਪ ਸਿੰਘ, ਅਜੇ, ਸੁਜਲ, ਹਰਪ੍ਰੀਤ ਸਿੰਘ, ਸ਼ੇਰਾ ਅਤੇ ਵਿਜੇ ਉਰਫ ਭੂਜੀ ਨੂੰ ਨਾਮਜ਼ਦ ਕੀਤਾ ਹੈ, ਜਦਕਿ ਮੁਲਜ਼ਮਾਂ ਦੇ ਚਾਰ ਅਣਪਛਾਤੇ ਸਾਥੀਆਂ ਨੂੰ ਵੀ ਐੱਫ.ਆਈ.ਆਰ. ‘ਚ ਸ਼ਾਮਿਲ ਕੀਤਾ ਗਿਆ ਹੈ।
ਪੀੜਤ ਨੇ ਦੋਸ਼ ਲਾਏ ਕਿ ਪ੍ਰਥਮ ਅਤੇ ਸੁਜਲ ਅਕਸਰ ਗਲੀ ਤੋਂ ਕਾਰਾਂ ਲੈ ਕੇ ਜਾਂਦੇ ਹਨ ਅਤੇ ਪਾਰਕਿੰਗ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਵੀ ਹੁੰਦਾ ਹੈ। ਐਤਵਾਰ ਨੂੰ ਗਲੀ ‘ਚ ਪਾਰਟੀ ਚੱਲ ਰਹੀ ਸੀ। ਜਦੋਂ ਦੋਵੇਂ ਮੁਲਜ਼ਮ ਆਪਣੇ 11-12 ਸਾਥੀਆਂ ਸਮੇਤ ਦੋ ਕਾਰਾਂ ਵਿੱਚ ਸੜਕ ਤੋਂ ਨਿਕਲਣ ਲੱਗੇ ਤਾਂ ਉਨ੍ਹਾਂ ਦੀਆਂ ਕਾਰਾਂ ਅੱਗੇ ਨਾ ਜਾ ਸਕੀਆਂ ਕਿਉਂਕਿ ਉਨ੍ਹਾਂ ਦੇ ਬਾਈਕ ਲੱਗੇ ਹੋਏ ਸਨ। ਹਾਰਨ ਦੀ ਆਵਾਜ਼ ਸੁਣ ਕੇ ਉਹ (ਸੁਖਵਿੰਦਰ) ਅਤੇ ਉਸ ਦਾ ਭਰਾ ਬਲਵਿੰਦਰ ਸਿੰਘ ਉਰਫ਼ ਬੱਲੂ ਗਲੀ ਦੇ ਕਿਨਾਰੇ ਖੜ੍ਹੇ ਬਾਈਕ ਪਰੇ ਕਰਨ ਲਈ ਹੇਠਾਂ ਪਹੁੰਚ ਗਏ।

ਦੋਵਾਂ ਭਰਾਵਾਂ ਨੂੰ ਦੇਖ ਕੇ ਮੁਲਜ਼ਮਾਂ ਨੇ ਉਨ੍ਹਾਂ ’ਤੇ ਬਾਸਟੇ, ਦਾਤਰ, ਹਾਕੀ ਨਾਲ ਹਮਲਾ ਕਰ ਦਿੱਤਾ। ਜਦੋਂ ਗੁਆਂਢੀਆਂ ਅਸ਼ਵਨੀ ਅਤੇ ਹਿਤੇਸ਼ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਇੱਟਾਂ-ਪੱਥਰ ਚਲਾ ਦਿੱਤੇ। ਬਲਵਿੰਦਰ ਸਿੰਘ ਨੇ ਬੱਲੂ ਦੇ ਸਿਰ ‘ਤੇ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ।
ਇਸੇ ਤਰ੍ਹਾਂ ਮੁਲਜ਼ਮਾਂ ਵੱਲੋਂ ਹਿਤੇਸ਼ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਮੁਲਜ਼ਮ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਉਹ ਤੁਰੰਤ ਬਲਵਿੰਦਰ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
