ਚੰਡੀਗੜ੍ਹ, 3 ਮਾਰਚ 2023 – ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਦੇ ਭਾਸ਼ਣ ਨਾਲ ਹੋਈ। ਪੰਜਾਬ ਦੇ ਰਾਜਪਾਲ ਬੀਐਲ ਪੁਰੋਹਿਤ ਸਰਕਾਰ ਦੇ ਪ੍ਰਸਤਾਵਿਤ ਕੰਮਾਂ ਬਾਰੇ ਜਾਣਕਾਰੀ ਦਿੰਦੇ, ਪਰ ਉਸ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਨੇ ਪੰਜਾਬ ਨਾਲ ਜੁੜੇ ਕਈ ਮੁੱਦਿਆਂ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕਾਂਗਰਸ ਵੱਲੋਂ ਹੰਗਾਮਾ ਕਰਨ ‘ਤੇ ਕੁੱਝ ਦੇਰ ਰਾਜਪਾਲ ਨੂੰ ਆਪਣਾ ਭਾਸ਼ਣ ਰੋਕਣਾ ਪਿਆ ਪਰ ਕਾਂਗਰਸ ਨੇ ਸਦਨ ‘ਚੋਂ ਵਾਕਆਊਟ ਕਰ ਦਿੱਤਾ। ਇਸ ਤੋਂ ਬਾਅਦ ਰਾਜਪਾਲ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਅਤੇ ਸਰਕਾਰ ਦੀ ਪ੍ਰਾਪਤੀਆਂ ਗਿਣਵਾਈਆਂ। ਰਾਜਪਾਲ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ‘ਚ ਵੱਖ-ਵੱਖ ਪੱਧਰਾਂ ‘ਤੇ ਕੰਮ ਕਰ ਰਹੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਵਿੱਦਿਅਕ ਪ੍ਰਸ਼ਾਸਕਾਂ ਨੂੰ ਵਿਸ਼ਵ ਪੱਧਰੀ ਸਿਖਲਾਈ ਦੇਣ ਲਈ ਇਕ ਅੰਤਰ-ਰਾਸ਼ਟਰੀ ਸਿੱਖਿਆ ਮਾਮਲਿਆਂ ਦੇ ਸੈੱਲ (ਆਈ. ਈ. ਏ. ਸੀ.) ਦੀ ਸਥਾਪਨਾ ਕੀਤੀ ਗਈ ਹੈ।
ਉਨ੍ਹਾਂ ਨੇ ਸਿੰਗਾਪੁਰ ਭੇਜੇ ਗਏ ਪ੍ਰਿੰਸੀਪਲਾਂ ਬਾਰੇ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੂੰ ਲਗਭਗ 41,043 ਕਰੋੜ ਰੁਪਏ ਦੇ ਨਿਵੇਸ਼ ਦੇ 2295 ਪ੍ਰਸਤਾਵ ਪ੍ਰਾਪਤ ਹੋਏ ਹਨ, ਜਿਨ੍ਹਾਂ ਨਾਲ ਸੂਬੇ ਦੇ ਕਰੀਬ 2,50,585 ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਰਾਜਪਾਲ ਨੇ ਦੱਸਿਆ ਕਿ ਅਪ੍ਰੈਲ, ਦਸੰਬਰ-2022 ਦੀ ਮਿਆਦ ਦੌਰਾਨ ਵੱਖ-ਵੱਖ ਟੈਕਸਾਂ ਤੋਂ ਸੂਬੇ ਦੀ ਕੁੱਲ ਮਾਲੀਆ ਵਸੂਲੀ ਪਿਛਲੇ ਸਾਲ ਦੇ ਮੁਕਾਬਲੇ 12.83 ਫ਼ੀਸਦੀ ਵਧੀ ਹੈ।
ਇਸ ਤੋਂ ਇਲਾਵਾ ਸੂਬੇ ਦੀ ਨਿਰੋਲ ਜੀ. ਐੱਸ. ਟੀ. ਕੁਲੈਕਸ਼ਨ ‘ਚ 17.22 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਆਬਕਾਰੀ ਮਾਲੀਆ ਵੀ ਅਪ੍ਰੈਲ-2022 ਤੋਂ ਜਨਵਰੀ 2023 ਦੀ ਮਿਆਦ ‘ਚ 2059 ਕਰੋੜ ਰੁਪਏ ਭਾਵ 7205.90 ਕਰੋੜ ਰੁਪਏ ਵਧਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ‘ਆਪ’ ਦੇ ਸਾਰੇ 92 ਵਿਧਾਇਕ ਵਿਧਾਨ ਸਭਾ ‘ਚ ਮੌਜੂਦ ਸਨ। ਇਸ ਤੋਂ ਬਾਅਦ ਦੁਪਹਿਰ ਬਾਅਦ ਸਦਨ ਪੰਜਾਬ ਦੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕਰੇਗਾ।