ਮਾਨ ਨੇ ਪਤਨੀ ਸਮੇਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ, ਹੋਲਾ ਮਹੱਲਾ ਸਬੰਧੀ ਸਮਾਗਮਾਂ ‘ਚ ਵੀ ਕੀਤੀ ਸ਼ਿਰਕਤ

  • ਸੂਬੇ ਦੀ ਤਰੱਕੀ, ਖੁਸ਼ਹਾਲੀ ਅਤੇ ਸ਼ਾਂਤੀ ਲਈ ਕੀਤੀ ਅਰਦਾਸ
  • ਅਧਿਕਾਰੀਆਂ ਨੂੰ ਪਵਿੱਤਰ ਨਗਰੀ ਦੇ ਦਰਸ਼ਨਾਂ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ

ਸ੍ਰੀ ਅਨੰਦਪੁਰ ਸਾਹਿਬ, 6 ਮਾਰਚ 2023 – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਹੋਲੇ ਮਹੱਲੇ ਦੇ ਰਵਾਇਤੀ ਤਿਉਹਾਰ ਦੀ ਸ਼ੁਰੂਆਤ ਮੌਕੇ ਕਰਵਾਏ ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ।

ਮੁੱਖ ਮੰਤਰੀ ਨੇ ਸੂਬੇ ਵਿੱਚ ਅਮਨ-ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਉਨ੍ਹਾਂ ਨੇ ਇਹ ਵੀ ਕਾਮਨਾ ਕੀਤੀ ਕਿ ਸੂਬੇ ਵਿੱਚ ਭਾਈਚਾਰਕ ਸਾਂਝ ਬਰਕਰਾਰ ਰਹੇ ਅਤੇ ਪੰਜਾਬ ਹਰ ਖੇਤਰ ਵਿੱਚ ਦੇਸ਼ ਦੀ ਅਗਵਾਈ ਕਰੇ।

ਭਗਵੰਤ ਮਾਨ ਨੇ ਕਿਹਾ ਕਿ ਇਹ ਤਿਉਹਾਰ ਜੋ ਆਮ ਤੌਰ ‘ਤੇ ਪੰਜਾਬੀਆਂ ਅਤੇ ਖਾਸ ਤੌਰ ‘ਤੇ ਸਿੱਖ ਕੌਮ ਦੀ ਜੁਝਾਰੂ ਭਾਵਨਾ ਦਾ ਪ੍ਰਤੀਕ ਹੈ, ਦੇ ਸ਼ੁਰੂਆਤੀ ਸਮਾਗਮ ਵਿੱਚ ਸ਼ਾਮਲ ਹੋਣ ਉਤੇ ਉਹ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਜਿਸ ਦੀ ਸਥਾਪਨਾ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਲ 1665 ਵਿੱਚ ਕੀਤੀ ਸੀ, ਜਿਨ੍ਹਾਂ ਨੇ ਮਨੁੱਖੀ ਕਦਰਾਂ-ਕੀਮਤਾਂ ਅਤੇ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਪਾਵਨ ਅਸਥਾਨ ਖਾਲਸੇ ਦੀ ਜਨਮ ਭੂਮੀ ਵੀ ਹੈ ਕਿਉਂਕਿ ਸਾਲ 1699 ਵਿਚ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਇਤਿਹਾਸਕ ਦਿਹਾੜੇ ‘ਤੇ ਇਸ ਪਵਿੱਤਰ ਧਰਤੀ ਉੱਤੇ ਖਾਲਸਾ ਪੰਥ ਦੀ ਨੀਂਹ ਰੱਖੀ ਸੀ। ਭਗਵੰਤ ਮਾਨ ਨੇ ਕਿਹਾ ਕਿ ਇਸ ਪਵਿੱਤਰ ਧਰਤੀ ਨੇ ਹਮੇਸ਼ਾ ਹੀ ਪੰਜਾਬੀਆਂ ਨੂੰ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਲੜਨ ਲਈ ਪ੍ਰੇਰਿਤ ਕੀਤਾ ਹੈ।

ਇਸ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਇਸ ਤਿਉਹਾਰ ਮੌਕੇ ਵੱਖ-ਵੱਖ ਵਰਗਾਂ ਦੇ ਲੋਕ ਭਾਰੀ ਗਿਣਤੀ ਵਿੱਚ ਮੱਥਾ ਟੇਕਣ ਵਾਸਤੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਹੋਲੇ ਮਹੱਲੇ ਦੌਰਾਨ ਪਵਿੱਤਰ ਨਗਰੀ ਵਿਖੇ ਆਉਣ ਵਾਲੀਆਂ ਸੰਗਤਾਂ ਲਈ ਵਿਸ਼ਵ ਪੱਧਰੀ ਅਤੇ ਪੁਖ਼ਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਭਗਵੰਤ ਮਾਨ ਨੇ ਕਿਹਾ ਕਿ ਹਰ ਸਾਲ ਸ਼ਰਧਾਲੂ ਇਸ ਰਵਾਇਤੀ ਤਿਉਹਾਰ ਨੂੰ ਏਕਤਾ, ਸਹਿਣਸ਼ੀਲਤਾ, ਭਾਈਚਾਰਕ ਸਾਂਝ ਦੇ ਰੰਗਾਂ ਨਾਲ ਮਨਾਉਂਦੇ ਹਨ।

ਮੁੱਖ ਮੰਤਰੀ ਨੇ ਸ਼ਰਧਾਲੂਆਂ ਲਈ ਟ੍ਰੈਫਿਕ ਵਿਵਸਥਾ, ਵਾਹਨਾਂ ਦੀ ਪਾਰਕਿੰਗ, ਸੁਰੱਖਿਆ ਪ੍ਰਬੰਧਾਂ, ਰਹਿਣ-ਸਹਿਣ ਅਤੇ ਹੋਰ ਸਹੂਲਤਾਂ ਲਈ ਵਿਸਥਾਰਤ ਪ੍ਰਬੰਧਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਭਗਵੰਤ ਮਾਨ ਨੇ ਲੋਕਾਂ ਨੂੰ ਧਰਮ ਨਿਰਪੱਖਤਾ ਅਤੇ ਸਹਿਣਸ਼ੀਲਤਾ ਦੀਆਂ ਭਾਵਨਾਵਾਂ ਨੂੰ ਦਰਸਾਉਣ ਲਈ ਜਾਤ, ਰੰਗ, ਨਸਲ ਅਤੇ ਧਰਮ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇਸ ਮਹਾਨ ਸਮਾਗਮ ਨੂੰ ਸਮੂਹਿਕ ਤੌਰ ‘ਤੇ ਪੂਰੇ ਉਤਸ਼ਾਹ ਨਾਲ ਮਨਾਉਣ ਦਾ ਸੱਦਾ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੂਸੇਵਾਲਾ ਦੇ ਮਾਪਿਆਂ ਦੇ ਮਿਹਣੇ ਦਾ ਹੋਇਆ ਅਸਰ, ਪੰਜਾਬ ਹੋਈਆਂ ਵਾਰਦਾਤਾਂ ਦੀਆਂ ਖ਼ਬਰਾਂ ਪ੍ਰਿੰਟ ਕਰਵਾ ਪਾਈ ਟੀ-ਸ਼ਰਟ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼, ਦੋ ਡੰਡੇ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚਿਆ ਨੌਜਵਾਨ