ਲੁਧਿਆਣਾ, 7 ਮਾਰਚ 2023 – ਲੁਧਿਆਣਾ ‘ਚ ਜਗਰਾਉਂ ਪੁਲ ‘ਤੇ ਇਕ ਵਿਅਕਤੀ ਨੇ ਹੰਗਾਮਾ ਕਰ ਦਿੱਤਾ। ਟ੍ਰਿਪਲਿੰਗ ਕਰਦੇ ਸਮੇਂ ਵਿਅਕਤੀ ਸ਼ਰਾਬੀ ਹਾਲਤ ‘ਚ ਸੀ। ਟਰੈਫਿਕ ਪੁਲੀਸ ਮੁਲਾਜ਼ਮਾਂ ਨੇ ਉਸ ਦੀ ਬਾਈਕ ਰੋਕ ਕੇ ਉਸ ਨੂੰ ਕਾਗਜ਼ਾਤ ਚੈੱਕ ਕਰਾਉਣ ਲਈ ਕਿਹਾ। ਉਕਤ ਵਿਅਕਤੀ ਨੇ ਪੁਲਿਸ ਮੁਲਾਜ਼ਮਾਂ ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ।
ਜਦੋਂ ਪੁਲਿਸ ਮੁਲਾਜ਼ਮਾਂ ਨੂੰ ਪਤਾ ਲੱਗਾ ਕਿ ਉਹ ਨਸ਼ੇ ‘ਚ ਹੈ ਤਾਂ ਉਸ ਦੀ ਐਲਕੋਮੀਟਰ ਨਾਲ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹ ਟੈਸਟ ਦੇਣ ਦੀ ਬਜਾਏ ਪੁਲਿਸ ਮੁਲਾਜ਼ਮਾਂ ਨੂੰ ਇਧਰ ਉਧਰ ਭਜਾਉਂਦਾ ਰਿਹਾ। ਅਖੀਰ ਨਸ਼ੇ ਦੀ ਹਾਲਤ ਵਿੱਚ ਉਕਤ ਵਿਅਕਤੀ ਨੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਹ ਆਪਣਾ ਬੈਲਟ ਨੰਬਰ ਚੈੱਕ ਕਰਵਾ ਲੈਣ, ਜੇਕਰ ਨੰਬਰ ਚੈੱਕ ਨਾ ਕਰਵਾਇਆ ਤਾਂ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਫ਼ੋਨ ਕਰ ਦੇਵੇਗਾ।
ਜਦੋਂ ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਵਿਅਕਤੀ ਨੇ ਪੁਲਿਸ ਮੁਲਾਜ਼ਮਾਂ ‘ਤੇ ਪੈਸੇ ਮੰਗਣ ਦਾ ਦੋਸ਼ ਲਗਾਇਆ ਹੈ। ਉਹ ਵਿਅਕਤੀ ਇੰਨਾ ਸ਼ਰਾਬੀ ਸੀ ਕਿ ਉਸ ਨੂੰ ਪਤਾ ਨਹੀਂ ਸੀ ਕਿ ਉਹ ਕੀ ਕਰ ਰਿਹਾ ਹੈ। ਉਕਤ ਵਿਅਕਤੀ ਨੇ ਆਪਣੀ ਜੇਬ ‘ਚੋਂ ਪੈਸੇ ਕੱਢ ਕੇ ਪੁਲਸ ਮੁਲਾਜ਼ਮਾਂ ਦੇ ਹੱਥ ‘ਚ ਦੇਣੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਪੁਲੀਸ ਮੁਲਾਜ਼ਮਾਂ ਨੇ ਉਕਤ ਵਿਅਕਤੀ ਦੀ ਵੀਡੀਓ ਵੀ ਬਣਾ ਲਈ।
ਆਪਣੀ ਸਿਆਸੀ ਪਹੁੰਚ ਦਿਖਾਉਂਦੇ ਹੋਏ ਬਾਈਕ ਸਵਾਰ ਨੇ ਕਈ ਲੋਕਾਂ ਨੂੰ ਫੋਨ ਕੀਤੇ ਪਰ ਪੁਲਸ ਦੇ ਸਾਹਮਣੇ ਉਸ ਦੀ ਕੋਈ ਵੀ ਚਾਲ ਨਹੀਂ ਚੱਲੀ। ਕਰੀਬ ਡੇਢ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪੁਲੀਸ ਨੇ ਉਕਤ ਵਿਅਕਤੀ ਦਾ ਟ੍ਰਿਪਲਿੰਗ, ਡਰਿੰਕ ਐਂਡ ਡਰਾਈਵਿੰਗ ਕਰਨ ਦੇ ਦੋਸ਼ ਹੇਠ ਚਲਾਨ ਕੀਤਾ। ਵਿਅਕਤੀ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਗਿਆ ਹੈ।