ਐਸ.ਏ.ਐਸ ਨਗਰ, 7 ਮਾਰਚ 2023 – ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਮਨਿੰਦਰ ਕੌਰ ਬਰਾੜ ਪੀ.ਸੀ.ਐਸ ਵੱਲੋ ਮੈਸ: ਫਿਊਚਰ ਡਿਵੈਲਪਰਜ਼ ਫਰਮ ਐਸ.ਸੀ.ਐਫ ਨੰਬਰ: 14 ਟਾਪ ਫਲੌਰ ਫੇਜ਼ 5 ਮੋਹਾਲੀ ਨੂੰ ਕੰਸਲਟੈਂਸੀ ਅਤੇ ਟਰੈਵਲ ਏਜੰਸੀ ਦੇ ਕੰਮ ਲਈ ਜਾਰੀ ਲਾਇਸੰਸ ਤੁਰੰਤ ਪ੍ਰਭਾਵ ਨਾਲ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਮੈਸ: ਫਿਊਚਰ ਡਿਵੈਲਪਰਜ਼ ਫਰਮ ਨੂੰ ਕੰਸਲਟੈਂਸੀ ਅਤੇ ਟਰੈਵਲ ਏਜੰਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 23 ਦਸੰਬਰ 2024 ਤੱਕ ਹੈ। ਉਨ੍ਹਾਂ ਦੱਸਿਆ ਕਿ ਦਫਤਰ ਵੱਲੋ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਨਿਰਧਾਰਤ ਪ੍ਰਫਾਰਮੇ ਅਨੁਸਾਰ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਦੀ ਜਾਣਕਾਰੀ ਅਤੇ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ।
ਇਸ ਸਬੰਧੀ ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋ ਉਕਤ ਰਿਪੋਰਟਾ ਨਾ ਭੇਜਣ ਦੀ ਸੂਰਤ ਵਿੱਚ ਪੰਜਾਬ ਟਰੈਵਲ ਪ੍ਰੋਫੈਸ਼ਨ ਰੈਗੂਲੇਸ਼ਨ ਐਕਟ-2012 ਅਧੀਨ ਨੋਟਿਸ ਜਾਰੀ ਕੀਤਾ ਗਿਆ। ਤਹਿਸੀਲਦਾਰ ਮੋਹਾਲੀ ਵੱਲੋਂ ਫਰਮ ਦੇ ਦਫ਼ਤਰੀ ਪਤੇ ਉੱਤੇ ਭੇਜੇ ਨੋਟਿਸ ਦੀ ਰਿਪੋਰਟ ਭੇਜ ਕੇ ਸੂਚਿਤ ਕੀਤਾ ਗਿਆ ਕਿ ਮੈਸ: ਫਿਊਚਰ ਡਿਵੈਲਪਰਜ਼ ਫਰਮ ਐਸ.ਸੀ.ਐਫ ਨੰਬਰ: 14 ਟਾਪ ਫਲੌਰ ਫੇਜ਼ 5 ਮੋਹਾਲੀ ਦੇ ਦਿੱਤੇ ਪਤੇ ਉਤੇ ਇਸ ਫਰਮ ਦਾ ਕੋਈ ਵਿਅਕਤੀ ਨਹੀਂ ਰਹਿੰਦਾ ਅਤੇ ਦਫਤਰੀ ਪਤੇ ਤੇ ਜਾਰੀ ਨੋਟਿਸ ਬਾਬਤ ਰਿਪੋਰਟ ਕੀਤੀ ਹੈ ਕਿ ਦਿੱਤੇ ਪਤੇ ਉਤੇ ਇਸ ਨਾਮ ਦਾ ਦਫਤਰ ਬੰਦ ਹੈ।
ਜਿਸ ਕਾਰਨ ਉਕਤ ਫਰਮ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ 90 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਲਾਇਸੰਸੀ ਨੂੰ ਆਪਣੀ ਸਥਿਤੀ ਸਪੱਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਜਾਰੀ ਕੀਤਾ ਹੈ ਕਿ ਕਿਉਂ ਨਾ ਉਸ ਦਾ ਲਾਇਸੰਸ ਰੱਦ ਕਰ ਦਿੱਤਾ ਜਾਵੇ।