ਚੰਡੀਗੜ੍ਹ, 7 ਮਾਰਚ 2023 – ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਵੀ ਕਾਰਵਾਈ ਜਾਰੀ ਹੈ। ਇਕ ਤੋਂ ਬਾਅਦ ਇਕ ‘ਆਪ’ ਵਿਧਾਇਕ ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਦੱਸ ਰਹੇ ਹਨ ਅਤੇ ਉਨ੍ਹਾਂ ਦੇ ਹੱਲ ਦੀ ਮੰਗ ਕਰ ਰਹੇ ਹਨ।
ਇਸ ਦੌਰਾਨ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਸੁਖਪਾਲ ਖਹਿਰਾ ਵਿਚਾਲੇ ਤਿੱਖੀ ਬਹਿਸ ਹੋਈ। ਇਹ ਬਹਿਸ ਖਹਿਰਾ ਦੇ ਪਿੰਡ ਦੀ ਜ਼ਮੀਨ ਨੂੰ ਲੈ ਕੇ ਹੋਈ। ਇਸ ਦੌਰਾਨ ਮੰਤਰੀ ਧਾਲੀਵਾਲ ਨੇ ਸੁਖਪਾਲ ਖਹਿਰਾ ਦੇ ਪਿੰਡ ਦੀ ਜ਼ਮੀਨ ਵਾਲੇ ਕਾਗਜ਼ ਦਿਖਾ ਦਿੱਤੇ। ਜਿਸ ਤੋਂ ਬਾਅਦ ਖਹਿਰਾ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ। ਭਾਵੇਂ ਡੀ. ਜੀ. ਪੀ. ਜਾਂ ਵਿਜੀਲੈਂਸ ਤੋਂ ਉਨ੍ਹਾਂ ਦੀ ਜਾਂਚ ਕਰਵਾ ਲਓ।
ਇਸ ਦੌਰਾਨ ਹੀ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਕੂਲ ਪ੍ਰਿੰਸੀਪਲ ਨੂੰ ਸਿਖਲਾਈ ਲਈ ਸਿੰਗਾਪੁਰ ਭੇਜਣ ਦਾ ਮੁੱਦਾ ਉਠਾਇਆ। ਉਨ੍ਹਾਂ ਪੰਜਾਬ ਸਰਕਾਰ ਦੀਆਂ ਸ਼ਰਤਾਂ ਨੂੰ ਪੱਖਪਾਤੀ ਕਰਾਰ ਦਿੱਤਾ। ਉਨ੍ਹਾਂ ਨੇ ਉਦਾਹਰਨਾਂ ਵੀ ਦਿੰਦਿਆਂ ਕਿਹਾ ਕਿ ਪ੍ਰਕਿਰਿਆ ਪਾਰਦਰਸ਼ੀ ਨਹੀਂ ਸੀ। ਇਸ ਤੋਂ ਬਾਅਦ ਸੁਖਪਾਲ ਖਹਿਰਾ ਸਦਨ ਛੱਡ ਕੇ ਵੈੱਲ ‘ਚ ਆ ਗਏ।
ਜਦੋਂ ਮੁੱਖ ਮੰਤਰੀ ਭਗਵੰਤ ਮਾਨ ਸਦਨ ‘ਚ ਆ ਗਏ ਤਾਂ ਕਾਂਗਰਸ ਨੇ ਸਦਨ ‘ਚੋਂ ਵਾਕਆਊਟ ਕਰ ਦਿੱਤਾ। ਦੱਸ ਦੇਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਸਵੇਰੇ ਹੀ ਕਿਹਾ ਸੀ ਕਿ ਜਦੋਂ ਤੱਕ ਮੁੱਖ ਮੰਤਰੀ ਮਾਨ ਹਾਊਸ ‘ਚ ਰਹਿਣਗੇ, ਉਹ ਕਾਰਵਾਈ ‘ਚ ਸ਼ਾਮਲ ਨਹੀਂ ਹੋਣਗੇ ਅਤੇ ਜਦੋਂ ਮੁੱਖ ਮੰਤਰੀ ਨਹੀਂ ਹੋਣਗੇ ਤਾਂ ਉਹ ਹਰ ਤਰ੍ਹਾਂ ਦੀ ਕਾਰਵਾਈ ‘ਚ ਹਿੱਸਾ ਲੈਣਗੇ।