ਖੰਨਾ, 8 ਮਾਰਚ 2023 – ਖੰਨਾ ‘ਚ ਦੇਰ ਰਾਤ ਫੋਕਲ ਪੁਆਇੰਟ ਇਲਾਕੇ ‘ਚ ਨਵੀਂ ਰੇਲਵੇ ਲਾਈਨ ‘ਤੇ ਫਲਾਈਓਵਰ ‘ਤੇ ਕੰਮ ਕਰ ਰਹੇ ਮਜ਼ਦੂਰ ਅੰਬਾਲਾ ਵਾਲੇ ਪਾਸੇ ਤੋਂ ਅਚਾਨਕ ਆਈ ਰੇਲ ਗੱਡੀ ਦੀ ਲਪੇਟ ‘ਚ ਆ ਗਏ। ਇੰਜਣ ਦੀ ਟੱਕਰ ਨਾਲ ਦੋ ਮਜ਼ਦੂਰ ਦੂਰ ਜਾ ਡਿੱਗੇ। ਇਸ ਹਾਦਸੇ ‘ਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਵਾਸੀ ਅਜਮੇਰ ਵਜੋਂ ਹੋਈ ਹੈ ਜਦਕਿ ਜ਼ਖਮੀ ਦੀ ਪਛਾਣ ਬਲਵੀਰ ਸਿੰਘ ਵਜੋਂ ਹੋਈ ਹੈ। ਅਚਾਨਕ ਆਈ ਟਰੇਨ ਨੂੰ ਮਜ਼ਦੂਰ ਦੇਖ ਨਹੀਂ ਸਕੇ। ਜਦੋਂ ਤੱਕ ਉਹ ਆਪਣਾ ਬਚਾਅ ਕਰਦੇ, ਟਰੇਨ ਨੇ ਉਨ੍ਹਾਂ ਨੂੰ ਕਾਫ਼ੀ ਦੂਰ ਪਟਕ ਕੇ ਮਾਰਿਆ। ਹਾਦਸੇ ‘ਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ, ਜਦੋਂ ਕਿ ਬਾਕੀ ਮਜ਼ਦੂਰਾਂ ਦਾ ਬਚਾਅ ਰਿਹਾ।
ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰੇਲਵੇ ਵੱਲੋਂ ਅੰਬਾਲਾ ਤੋਂ ਲੁਧਿਆਣਾ ਵੱਲ ਨਵੀਂ ਰੇਲ ਲਾਈਨ ਵਿਛਾਈ ਗਈ ਹੈ, ਜਿੱਥੇ ਅਜੇ ਤੱਕ ਕਦੇ ਕੋਈ ਟਰੇਨ ਨਹੀਂ ਆਈ ਸੀ। ਫੋਕਲ ਪੁਆਇੰਟ ਇਲਾਕੇ ‘ਚ ਰੇਲਵੇ ਫਲਾਈਓਵਰ ਦਾ ਕੰਮ ਚੱਲਣ ਕਾਰਨ ਮਜ਼ਦੂਰਾਂ ਦਾ ਇੱਥੇ ਜਮਾਵੜਾ ਰਹਿੰਦਾ ਹੈ। ਨਵੀਂ ਰੇਲਵੇ ਲਾਈਨ ‘ਤੇ ਟਰੇਨ ਨਾ ਆਉਣ ਕਾਰਨ ਮਜ਼ਦੂਰ ਬੈਠ ਲੈਂਦੇ ਸਨ। ਬੀਤੀ ਰਾਤ ਵੀ ਮਜ਼ਦੂਰ ਰੇਲਵੇ ਲਾਈਨ ‘ਤੇ ਬੈਠੇ ਸਨ ਪਰ ਅਚਾਨਕ ਅੰਬਾਲਾ ਵੱਲੋਂ ਇਕ ਟਰੇਨ ਦਾ ਇੰਜਣ ਨਵੀਂ ਰੇਲਵੇ ਲਾਈਨ ‘ਤੇ ਆ ਗਿਆ। ਲਾਈਟ ਨਾ ਹੋਣ ਕਾਰਨ ਇਸ ਨੂੰ ਮਜ਼ਦੂਰ ਦੇਖ ਨਹੀਂ ਸਕੇ। ਰੇਲ ਇੰਜਣ ਨੇ 2 ਮਜ਼ਦੂਰਾਂ ਨੂੰ ਪਟਕ ਕੇ ਕਈ ਫੁੱਟ ਦੂਰ ਮਾਰਿਆ।
ਮ੍ਰਿਤਕ ਹਰਪ੍ਰੀਤ ਸਿੰਘ ਦੇ ਰਿਸ਼ਤੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਰੇਲਵੇ ਦੀ ਲਾਪਰਵਾਹੀ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਉਸ ਨੇ ਦੱਸਿਆ ਕਿ ਹਰਪ੍ਰੀਤ ਦੀ ਮੌਤ ਹੋ ਜਾਣ ‘ਤੇ ਪਰਿਵਾਰ ‘ਚ ਕੋਈ ਨਹੀਂ ਬਚਿਆ ਹੈ। ਉਸ ਦੇ ਮਾਤਾ-ਪਿਤਾ ਅਤੇ ਪਤਨੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਹੁਣ ਹਰਪ੍ਰੀਤ ਸਿੰਘ ਦੀ ਮੌਤ ਹੋਣ ਕਾਰਨ ਘਰ ਕੋਈ ਨਹੀਂ ਬਚਿਆ ਹੈ। ਜ਼ਖਮੀ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਕਿ ਰੇਲਵੇ ਲਾਈਨ ‘ਤੇ ਹਾਦਸਾ ਹੋਣ ਕਾਰਨ 2 ਲੋਕ ਹਸਪਤਾਲ ਆਏ ਸਨ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋਇਆ ਹੈ।