ਪਟਿਆਲਾ, 14 ਮਾਰਚ 2023 – ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਨੀਲ ਜਾਖੜ ਜਰਨਲ ਸਕੱਤਰ ਵਿਕਰਮਜੀਤ ਸਿੰਘ ਚੀਮਾ, ਮੀਤ ਪ੍ਰਧਾਨ ਜੈ ਇੰਦਰ ਕੌਰ, ਜ਼ਿਲ੍ਹਾ ਭਾਜਪਾ ਸ਼ਹਿਰੀ ਪਟਿਆਲਾ ਦੇ ਪ੍ਰਧਾਨ ਕੇ.ਕੇ ਮਲਹੋਤਰਾ ਦਿਹਾਤੀ ਦੇ ਪ੍ਰਧਾਨ ਹਰਮੇਸ਼ ਗੋਇਲ ਅਤੇ ਸੁਰਜੀਤ ਸਿੰਘ ਗੜੀ ਨੇ ਪ੍ਰੈਸ ਵਾਰਤਾ ਵਿਚ ਆਪ ਸਰਕਾਰ ਨੂੰ ਜੰਮ ਕੇ ਭੜਾਸ ਕੱਢੀ।
ਸੁਨੀਲ ਜਾਖੜ ਨੇ ਕਿਹਾ ਕਿ ਆਪ ਸਰਕਾਰ ਦੇ 11 ਮਹੀਨੇ ਦੇ ਸ਼ਾਸ਼ਨ ਦੌਰਾਨ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਫੇਲ੍ਹ ਹੋ ਗਈ ਹੈ। ਹਰ ਰੋਜ਼ ਪੰਜਾਬ ਵਿਚ ਹੱਤਿਆਵਾਂ, ਫਿਰੌਤੀ ਮੰਗਣਾ, ਬੈਂਕ ਡਕੈਤੀਆਂ ਅਤੇ ਲੁੱਟ ਪਾਟ ਦੀਆਂ ਘਟਨਾਵਾਂ ਤੋਂ ਪੰਜਾਬ ਦੀ ਜਨਤਾ ਦਹਿਸ਼ਤ ਵਿਚ ਹੈ। ਲੁਧਿਆਣਾ ਜਲੰਧਰ ਸਮੇਤ ਕਈ ਸ਼ਹਿਰਾਂ ਦੇ ਭਾਜਪਾ ਨੇਤਾਵਾਂ ਤੋਂ ਫ਼ਿਰੌਤੀ ਮੰਗੀ ਜਾ ਚੁੱਕੀ ਹੈ। ਜੇਲਾਂ ਵਿੱਚ ਗੈਂਗਵਾਰ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਪਰ ਪੁਲਿਸ ਅਤੇ ਸਰਕਾਰ ਗੂੜੀ ਨੀਂਦ ਸੌਂ ਰਹੀ ਹੈ ਅਤੇ ਆਪ ਸਰਕਾਰ ਨੇ ਪੰਜਾਬ ਨੂੰ ਪੁਰਾਣੇ ਯੂਪੀ ਅਤੇ ਬਿਹਾਰ ਦੀ ਤਰ੍ਹਾਂ ਬਣਾ ਦਿੱਤਾ ਹੈ।
ਇਸ ਮੌਕੇ ਵਿਕਰਮਜੀਤ ਚੀਮਾ ਨੇ ਕਿਹਾ ਅੰਮ੍ਰਿਤਪਾਲ ਸਿੰਘ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਨੂੰ ਤਾਰ ਤਾਰ ਕਰਦੇ ਹੋਏ ਸ਼ਰੇਆਮ ਬੇਅਦਬੀ ਕੀਤੀ ਗਈ, ਪਰ ਭਗਵੰਤ ਮਾਨ ਸਰਕਾਰ ਨੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਉਪਰ ਕੋਈ ਐਕਸ਼ਨ ਨਹੀਂ ਲਿਆ। ਅੰਮ੍ਰਿਤਪਾਲ ਦੁਆਰਾ ਅਜਨਾਲਾ ਥਾਣੇ ਵਿੱਚ ਹਜ਼ਾਰਾਂ ਹਥਿਆਰਬੰਦ ਸਾਥੀਆਂ ਨਾਲ ਕਬਜ਼ਾ ਕਰਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਪਰ ਆਪ ਸਰਕਾਰ ਹਾਲੇ ਤੱਕ ਚੁੱਪ ਹੈ। ਇਸ ਤੋਂ ਇਹ ਜਾਪਦਾ ਹੈ ਸਰਕਾਰ ਨੇ ਇਹਨਾਂ ਲੋਕਾਂ ਦੇ ਸਾਹਮਣੇ ਘੁਟਨੇ ਟੇਕ ਦਿਤੇ ਹਨ।
ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਸ਼ਰੇਆਮ ਪੰਜਾਬ ਵਿੱਚ ਆਪ ਦੀ ਸਰਕਾਰ ਬਣਾਉਣ ਲਈ ਮਦਦ ਦੀ ਗੱਲ ਕਬੂਲ ਕਰ ਚੁੱਕਿਆ ਹੈ ਅਤੇ ਮੌਜੂਦਾ ਸਮੇਂ ਵਿੱਚ ਆਪ ਸਰਕਾਰ ਨੂੰ ਉਸ ਦੇ ਮਕਸਦ ਵਿੱਚ ਪੂਰਾ ਉਤਰਨ ਦੀ ਗੱਲਾਂ ਵੀ ਕਰਦਾ ਹੈ। ਹੁਣ ਭਗਵੰਤ ਮਾਨ ਸਰਕਾਰ ਨੇ ਉਸਦੇ ਇਸ ਉਦੇਸ਼ ਨੂੰ ਪੂਰਾ ਕਰਨ ਵਿੱਚ ਮਦਦ ਕਰ ਰਹੀ ਹੈ। ਇਸ ਮੌਕੇ ਸੁਖਵਿੰਦਰ ਕੌਰ ਨੌਲੱਖਾ, ਸੰਜੀਵ ਸ਼ਰਮਾਂ ਬਿੱਟੂ, ਵਿਜੈ ਕੂਕਾ, ਹਰਦੇਵ ਸਿੰਘ ਬੱਲੀ, ਅਨਿਲ ਮੰਗਲਾ, ਪ੍ਰੋ ਸੁਮੇਰ ਸੀੜਾ, ਵਰਿੰਦਰ ਗੁਪਤਾ, ਰੂਪ ਕੁਮਾਰ, ਅਤੁਲ ਜੋਸ਼ੀ, ਸੁਰਿੰਦਰ ਸਿੰਘ ਵਾਲੀਆ, ਵਨੀਤ ਸਹਿਗਲ, ਨਿਖਿਲ ਕੁਮਾਰ ਕਾਕਾ, ਨਕੁਲ ਸੋਫਤ, ਵਰਿੰਦਰ ਬਤਰਾ, ਮਨਦੀਪ ਪਾਰਕ ਅਤੇ ਜਸਵਿੰਦਰ ਜੁਲਕਾ ਤੋਂ ਇਲਾਵਾ ਹੋਰ ਵੀ ਮੈਂਬਰ ਹਾਜ਼ਰ ਸਨ।