ਬਠਿੰਡਾ 15 ਮਾਰਚ 2023: ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੇ ਡੇਰਾ ਸੱਚਾ ਸੌਦਾ ਸਿਰਸਾ ਦੇ ਪ੍ਰਮੁੱਖ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਦੇ ਅਸਲੀ ਨਕਲੀ ਹੋਣ ਦੇ ਮਾਮਲੇ ਸਬੰਧੀ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ ਨਾਲ ਇਹ ਮਸਲਾ ਹੁਣ ਖਤਮ ਹੋ ਗਿਆ ਹੈ। ਸੁਪਰੀਮ ਕੋਰਟ ਵਿਚ ਇਹ ਪਟੀਸ਼ਨ ਮੋਹਿਤ ਗੁਪਤਾ ਨਾਮ ਦੇ ਇੱਕ ਵਿਅਕਤੀ ਨੇ 12 ਨਵੰਬਰ 2022 ਦਾਇਰ ਕੀਤੀ ਸੀ।
ਜਾਣਕਾਰੀ ਅਨੁਸਾਰ ਫਰਵਰੀ 2023 ਦੌਰਾਨ ਇਸ ਪਟੀਸ਼ਨ ਨੂੰ ਸੁਣਵਾਈ ਲਈ ਮਨਜ਼ੂਰ ਕਰ ਲਿਆ ਸੀ। ਮਾਮਲੇ ਦਾ ਜਿਕਰਯੋਗ ਪਹਿਲੂ ਹੈ ਕਿ 13 ਮਾਰਚ ਨੂੰ ਪਹਿਲੀ ਸੁਣਵਾਈ ਹੀ ਸੀ ਕਿ ਸੁਪਰੀਮ ਕੋਰਟ ਨੇ ਪਟੀਸ਼ਨ ਵਿੱਚ ਰੱਖੇ ਤੱਥਾਂ ਨਾਲ ਨਰਾਜ਼ਗੀ ਜਤਾਉਂਦਿਆਂ ਅਰਜੀ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਅਜਿਹੀ ਅਰਜ਼ੀ ਨੂੰ ਰੱਦ ਕਰ ਚੁੱਕੀ ਹੈ ਜੋ ਕਿ ਮੋਹਿਤ ਗੁਪਤਾ ਵੱਲੋਂ ਦਾਇਰ ਕੀਤੀ ਗਈ ਸੀ।
ਪਤਾ ਲੱਗਿਆ ਹੈ ਕਿ ਸੁਪਰੀਮ ਕੋਰਟ ਨੇ ਸ਼ਿਕਾਇਤਕਰਤਾ ਮੋਹਿਤ ਗੁਪਤਾ ਨੂੰ ਕਿਹਾ ਕਿ ਸੰਵਿਧਾਨ ਦੀ ਧਾਰਾ 32 ਦੇ ਤਹਿਤ ਉਨ੍ਹਾਂ ਦੀ ਮੰਗ ਪੂਰੀ ਨਹੀ ਕੀਤੀ ਜਾ ਸਕਦੀ ਹੈ । ਸ਼ਿਕਾਇਤਕਰਤਾ ਨੇ ਡੇਰਾ ਮੁਖੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦੀ ਸ਼ਨਾਖ਼ਤ ਕਰਨ ਦੀ ਮੰਗ ਕੀਤੀ ਸੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਸੀ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨਕਲੀ ਹੈ।