ਲੁਧਿਆਣਾ, 15 ਮਾਰਚ 2023 – ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਪਾਰਟੀ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਵੈਦ ਨੂੰ ਵਿਜੀਲੈਂਸ ਵੱਲੋਂ 20 ਮਾਰਚ ਲਈ ਤਲਬ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੁਲਦੀਪ ਸਿੰਘ ਵੈਦ ਦੀਆਂ ਮੁਸ਼ਕਲਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਕਿਉਂਕਿ ਪੱਖੋਵਾਲ ਰੋਡ ‘ਤੇ ਸਥਿਤ ਕੁਲਦੀਪ ਵੈਦ ਦੇ ਇਕ ਰੈਸਟੋਰੈਂਟ ‘ਤੇ ਬਿਊਰੋ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਉਸਾਰੀ ਦੇ ਕੰਮ ‘ਚ ਕਥਿਤ ਤੌਰ ਤੇ ਨਿਯਮਾਂ ਦੀ ਉਲੰਘਣਾ ਦਾ ਖੁਲਾਸਾ ਹੋਇਆ ਹੈ।
ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਸਾਬਕਾ ਵਿਧਾਇਕ ਨੂੰ 20 ਮਾਰਚ ਲਈ ਤਲਬ ਕੀਤਾ ਗਿਆ ਹੈ। ਇਸ ਤੋਂ ਇਲਾਵਾ, ਪੱਖੋਵਾਲ ਰੋਡ ‘ਤੇ ਸਥਿਤ ਸਾਬਕਾ ਵਿਧਾਇਕ ਦੇ ਰੈਸਟੋਰੈਂਟ ‘ਤੇ ਛਾਪੇਮਾਰੀ ਦੌਰਾਨ ਬਰਾਮਦ ਹੋਏ ਦਸਤਾਵੇਜ਼ਾਂ ਅਨੁਸਾਰ ਦੂਜੀ ਮੰਜ਼ਿਲ ਦੇ ਨਿਰਮਾਣ ਦੀ ਮਨਜ਼ੂਰੀ ਲਈ ਗਈ ਸੀ। ਪਰ 5 ਮੰਜ਼ਿਲਾਂ ਬਣਾਈਆਂ ਗਈਆਂ। ਉਂਜ ਉਨ੍ਹਾਂ ਇਸ ਮਾਮਲੇ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਹੋਣ ਦੀ ਗੱਲ ਆਖੀ।